02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

‘ਪੰਜਾਬ ਬੰਦ’ ਦੇ ਸੱਦੇ ਨੂੰ ਅੰਮ੍ਰਿਤਸਰ ’ਚ ਮਿਲਿਆ ਭਰਵਾਂ ਹੁੰਗਾਰਾ

ਅਜੀਤ ਡੈਸਕ 31-07-2026
ਅੰਮ੍ਰਿਤਸਰ, 30 ਜੁਲਾਈ (ਸੁਰਿੰਦਰ ਕੋਛੜ)-ਬਰਨਾਲਾ ‘ਚ ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ‘ਚ ਅੱਜ ਪੰਜਾਬ ਬੰਦ ਦੇ ਸੱਦੇ ਦੌਰਾਨ ਸੂਬੇ ਦੇ ਬਾਕੀ ਸ਼ਹਿਰਾਂ ਵਾਂਗ ਅੰਮ੍ਰਿਤਸਰ ‘ਚ ਵੀ ਬੰਦ ਦਾ ਪ੍ਰਭਾਵ ਪੂਰੀ ਤਰ੍ਹਾਂ ਵਿਖਾਈ ਦਿੱਤਾ। ਸਵੇਰ ਤੋਂ ਹੀ ਸ਼ਹਿਰ ਦੇ ਬਾਜ਼ਾਰ ਬੰਦ ਰਹੇ ਅਤੇ ਹਰ ਪਾਸੇ ਸੰਨਾਟਾ ਪਸਰਿਆ ਰਿਹਾ। ਹਾਲਾਂਕਿ, ਇਸ ਦੌਰਾਨ ਦਵਾਈਆਂ ਦੀਆਂ ਦੁਕਾਨਾਂ ਅਤੇ ਕੁਝ-ਕੁਝ ਇਲਾਕਿਆਂ ‘ਚ ਹਲਵਾਈਆਂ ਦੀਆਂ ਵੀ ਦੁਕਾਨਾਂ ਖੁੱਲ੍ਹੀਆਂ ਰਹੀਆਂ। ਡਾ. ਬੀ. ਆਰ. ਅੰਬੇਡਕਰ ਭਲਾਈ ਮੰਚ ਅਤੇ ਭਗਵਾਨ ਵਾਲਮੀਕੀ ਸ਼ਕਤੀ ਦਲ ਦੀ ਅਗਵਾਈ ‘ਚ ਵਾਲਮੀਕੀ ਭਾਈਚਾਰੇ ਵਲੋਂ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਬੰਦ ਦਾ ਸਮਰਥਨ ਕਰਨ ਦੀ ਅਪੀਲ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਅੰਮ੍ਰਿਤਸਰ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਵੀ ਪੂਰਾ ਸਮਰਥਨ ਦਿੱਤਾ।
‘ਪੰਜਾਬ ਬੰਦ’ ਦੇ ਸੱਦੇ ਦੇ ਮੱਦੇਨਜ਼ਰ ਅੰਮ੍ਰਿਤਸਰ ਸ਼ਹਿਰ ਦੇ ਲਗਭਗ ਵਧੇਰੇਤਰ ਬਾਜ਼ਾਰ, ਵਪਾਰਕ ਅਦਾਰੇ ਅਤੇ ਉਦਯੋਗਿਕ ਇਕਾਈਆਂ ਬੰਦ ਰਹੀਆਂ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੀਆਂ ਕੱਪੜਾ ਮਾਰਕੀਟਾਂ ਟਾਹਲੀ ਸਾਹਿਬ ਬਾਜ਼ਾਰ, ਸ਼ਾਸਤਰੀ ਮਾਰਕੀਟ, ਪ੍ਰਤਾਪ ਬਾਜ਼ਾਰ, ਬਾਜ਼ਾਰ ਸਿਰਕੀਬੰਧਾਂ, ਕਟੜਾ ਆਹਲੂਵਾਲੀਆ, ਸੁਨਿਆਰਾ ਮਾਰਕੀਟ, ਗੁਰੂ ਬਾਜਾਰ ਮਾਰਕੀਟ ਅਤੇ ਹਾਲ ਬਾਜ਼ਾਰ, ਲਾਰੈਂਸ ਰੋਡ, ਮਜੀਠਾ ਰੋਡ, ਬਟਾਲਾ ਰੋਡ, ਕਟੜਾ ਸ਼ੇਰ ਸਿੰਘ, ਕਟੜਾ ਜੈਮਲ ਸਿੰਘ, ਨਹਿਰੂ ਸ਼ਾਪਿੰਗ ਕੰਪਲੈਕਸ, ਆਈ. ਡੀ. ਐੱਚ. ਮਾਰਕੀਟ ਸਮੇਤ ਸਾਰੇ ਸ਼ਹਿਰ ‘ਚ ਬਾਜ਼ਾਰ, ਵਪਾਰਕ ਅਦਾਰੇ ਅਤੇ ਉਦਯੋਗਿਕ ਇਕਾਈਆਂ ਸ਼ਾਮ ਤੱਕ ਮੁਕੰਮਲ ਤੌਰ ‘ਤੇ ਬੰਦ ਰਹੀਆਂ। ਇਸ ਦੌਰਾਨ ਰੇਹੜੀਆਂ ‘ਤੇ ਫਲ ਸਬਜ਼ੀਆਂ ਵੇਚਣ ਵਾਲਿਆਂ ਦੀ ਵੀ ਗਲੀਆਂ ‘ਚ ਵਧੇਰੇਤਰ ਆਵਾਜਾਈ ਠੱਪ ਰਹੀ। ਅੰਮ੍ਰਿਤਸਰ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਥਾਨਕ ਕਟੜਾ ਸ਼ੇਰ ਸਿੰਘ ਸਥਿਤ ਦਵਾਈ ਮਾਰਕੀਟ ਵੀ ਮੁਕੰਮਲ ਤੌਰ ‘ਤੇ ਬੰਦ ਰਹੀ। ਜਦਕਿ ਹਸਪਤਾਲਾਂ ਦੇ ਬਾਹਰ ਮੌਜੂਦ ਦਵਾਈਆਂ ਦੀਆਂ ਕੁਝ ਦੁਕਾਨਾਂ ਖੁੱਲ੍ਹੀਆਂ ਰਹੀਆਂ ਤਾਂ ਕਿ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਦੇ ਇਲਾਵਾ ਹੋਲ ਸੇਲ ਕਰਿਆਨਾ ਮੰਡੀ ਢਾਬ ਖਟੀਕਾਂ, ਲੂਣ ਮੰਡੀ, ਪਾਪੜਾਂ ਵਾਲਾ ਬਾਜ਼ਾਰ, ਮਿਸ਼ਰੀ ਬਾਜ਼ਾਰ, ਆਟਾ ਮੰਡੀ ਆਦਿ ਦੀਆਂ ਵੀ ਸਭ ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਰਹੀਆਂ। ਅੰਮ੍ਰਿਤਸਰ ਬੰਦ ਦੇ ਦੌਰਾਨ ਜਿੱਥੇ ਸ਼ਹਿਰ ‘ਚ ਵਪਾਰਕ ਅਦਾਰੇ ਅਤੇ ਬਾਜ਼ਾਰ ਬੰਦ ਰਹੇ, ਉੱਥੇ ਹੀ ਪ੍ਰਮੁੱਖ ਰਸਤਿਆਂ ‘ਤੇ ਲਗਾਈਆਂ ਰੋਕਾਂ ਕਾਰਨ ਜਲ੍ਹਿਆਂਵਾਲਾ ਬਾਗ, ਕਿਲ੍ਹਾ ਗੋਬਿੰਦਗੜ੍ਹ, ਵਾਰ ਮੈਮੋਰੀਅਲ, ਸਾਡਾ ਪਿੰਡ ਸਮੇਤ ਹੋਰਨਾਂ ਵਿਰਾਸਤੀ ਸਮਾਰਕਾਂ ਵਿਖੇ ਸੈਲਾਨੀਆਂ ਦੀਆਂ ਬਹੁਤ ਘੱਟ ਰੌਣਕਾਂ ਜੁੜੀਆਂ।
ਪੰਜਾਬ ਬੰਦ ਨੂੰ ਸੁਲਤਾਨਵਿੰਡ, ਕੋਟ ਮਿੱਤ ਸਿੰਘ ਅਤੇ ਨਿਊ ਅੰਮ੍ਰਿਤਸਰ ’ਚ ਭਰਵਾਂ ਹੁੰਗਾਰਾ
ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)-ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਨਾਲ ਹੋਈ ਕੁੱਟਮਾਰ ਦੀ ਘਟਨਾ ਦੇ ਵਿਰੋਧ ਵਿਚ ਵਾਲਮੀਕਿ ਸਮਾਜ ਵਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦਾ ਅਸਰ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ, ਕੋਟ ਮਿੱਤ ਸਿੰਘ ਅਤੇ ਨਿਊ ਅੰਮ੍ਰਿਤਸਰ ਇਲਾਕਿਆਂ ਵਿਚ ਵੀ ਸਪੱਸ਼ਟ ਤੌਰ ‘ਤੇ ਦੇਖਣ ਨੂੰ ਮਿਲਿਆ। ਸਮਾਜ ਦੇ ਸੱਦੇ ਨੂੰ ਇਲਾਕੇ ਦੇ ਵਪਾਰੀਆਂ ਅਤੇ ਆਮ ਲੋਕਾਂ ਵਲੋਂ ਭਰਵਾਂ ਸਮਰਥਨ ਦਿੱਤਾ ਗਿਆ, ਜਿਸ ਕਾਰਨ ਸਵੇਰ ਤੋਂ ਹੀ ਜ਼ਿਆਦਾਤਰ ਬਾਜ਼ਾਰ, ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਬੰਦ ਦੇ ਕਾਰਨ ਇਲਾਕੇ ਦੇ ਮੁੱਖ ਬਾਜ਼ਾਰਾਂ ਵਿਚ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਚਹਿਲ-ਪਹਿਲ ਨਜ਼ਰ ਆਈ। ਕੱਪੜਿਆਂ, ਕਰਿਆਨੇ, ਹਾਰਡਵੇਅਰ, ਮੋਬਾਈਲ, ਇਲੈਕਟ੍ਰਾਨਿਕਸ, ਜੁੱਤੀਆਂ ਅਤੇ ਹੋਰ ਕਾਰੋਬਾਰੀ ਅਦਾਰਿਆਂ ਦੇ ਸ਼ਟਰ ਬੰਦ ਰਹੇ। ਇਸ ਕਾਰਨ ਰੋਜ਼ਾਨਾ ਦੇ ਕਾਰੋਬਾਰ ‘ਤੇ ਵੀ ਅਸਰ ਪਿਆ ਅਤੇ ਸੜਕਾਂ ‘ਤੇ ਆਵਾਜਾਈ ਵੀ ਆਮ ਨਾਲੋਂ ਘੱਟ ਰਹੀ।
ਹਾਲਾਂਕਿ ਲੋਕਾਂ ਦੀ ਸਿਹਤ ਅਤੇ ਜ਼ਰੂਰੀ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੈਡੀਕਲ ਸਟੋਰ ਖੁੱਲ੍ਹੇ ਰਹੇ ਤਾਂ ਜੋ ਕਿਸੇ ਵੀ ਮਰੀਜ਼ ਨੂੰ ਦਵਾਈ ਲੈਣ ਵਿਚ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਵੀ ਆਮ ਵਾਂਗ ਖੁੱਲ੍ਹੇ ਰਹੇ, ਜਦਕਿ ਬਾਕੀ ਬਹੁਤ ਸਾਰੇ ਵਪਾਰਕ ਅਦਾਰਿਆਂ ਨੇ ਬੰਦ ਦਾ ਪੂਰਾ ਸਮਰਥਨ ਕਰਦਿਆਂ ਆਪਣਾ ਕਾਰੋਬਾਰ ਬੰਦ ਰੱਖਿਆ। ਬੰਦ ਦੌਰਾਨ ਸੁਲਤਾਨਵਿੰਡ, ਕੋਟ ਮਿੱਤ ਸਿੰਘ ਅਤੇ ਨਿਊ ਅੰਮ੍ਰਿਤਸਰ ਵਿਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਸ਼ਾਂਤਮਈ ਰਹੀ।
ਪਿਛਲੀ ਖ਼ਬਰ ਅੰਮ੍ਰਿਤਸਰ ਤੋਂ ਬਾਂਦਰਾ ਪਹੁੰਚਿਆ 3.9 ਟਨ ਆਲੂਬੁਖਾਰਾ, ਵਪਾਰੀਆਂ ਨੂੰ ਮਿਲਿਆ ਵੱਡਾ ਬਾਜ਼ਾਰ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।