ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਰਿਹਾਇਸ਼ ਸੰਬੰਧੀ ਗੁਰੂ ਨਗਰੀ ਦੇ ਹੋਟਲ ਮਾਲਕਾਂ ਨਾਲ ਇਕੱਤਰਤਾ
ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ 26, 27 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਤੋਂ ਪੁੱਜਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਦੇ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਵਧੀਕ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਦੀ ਅਗਵਾਈ ਵਿਚ ਅੱਜ ਗੁਰੂ ਨਗਰੀ ਦੇ ਹੋਟਲ ਮਾਲਕਾਂ ਨਾਲ ਇਕੱਤਰਤਾ ਕੀਤੀ ਗਈ, ਜਿਸ ਦੌਰਾਨ ਹੋਟਲ ਮਾਲਕਾਂ ਨੇ ਵਿਸ਼ਵਾਸ ਦਿਵਾਇਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੇ ਰਹਿਣ ਲਈ ਵੱਧ ਤੋਂ ਵੱਧ ਕਮਰੇ ਸ਼੍ਰੋਮਣੀ ਕਮੇਟੀ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ।
ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ 26, 27 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਤੋਂ ਪੁੱਜਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਦੇ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਵਧੀਕ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਦੀ ਅਗਵਾਈ ਵਿਚ ਅੱਜ ਗੁਰੂ ਨਗਰੀ ਦੇ ਹੋਟਲ ਮਾਲਕਾਂ ਨਾਲ ਇਕੱਤਰਤਾ ਕੀਤੀ ਗਈ, ਜਿਸ ਦੌਰਾਨ ਹੋਟਲ ਮਾਲਕਾਂ ਨੇ ਵਿਸ਼ਵਾਸ ਦਿਵਾਇਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੇ ਰਹਿਣ ਲਈ ਵੱਧ ਤੋਂ ਵੱਧ ਕਮਰੇ ਸ਼੍ਰੋਮਣੀ ਕਮੇਟੀ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਇਕੱਤਰਤਾ ਉਪ੍ਰੰਤ ਵਧੀਕ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਹਰ ਸਾਲ ਦੇਸ਼ ਵਿਦੇਸ਼ ਤੋਂ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਹਨ, ਜਿਨ੍ਹਾਂ ਦੇ ਰਹਿਣ ਲਈ ਹੋਟਲ ਮਾਲਕਾਂ ਵਲੋਂ ਦਿੱਤਾ ਜਾਂਦਾ ਸਹਿਯੋਗ ਸ਼ਲਾਘਾਯੋਗ ਹੁੰਦਾ ਹੈ। ਉਨ੍ਹਾਂ ਹੋਟਲ ਮਾਲਕਾਂ ਵਲੋਂ ਕੀਤੀ ਪੇਸ਼ਕਸ਼ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਚੰਗਾ ਉੱਦਮ ਹੈ ਅਤੇ ਆਸ ਕਰਦੇ ਹਾਂ ਕਿ ਇਸ ਦੀ ਨਿਰੰਤਰਤਾ ਬਣੀ ਰਹੇਗੀ। ਉਨ੍ਹਾਂ ਹੋਟਲ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਨੁਮਾਇੰਦਿਆਂ ਅਤੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਮੌਕੇ 26 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਅਤੇ ਹੋ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਦੇ ਨਾਲ-ਨਾਲ ਨਗਰ ਕੀਰਤਨ ਦੇ ਰਸਤੇ ਵਿਚ ਸਵਾਗਤ ਲਈ ਵੀ ਅਪੀਲ ਕੀਤੀ। ਇਕੱਤਰਤਾ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਅਰਜਨਮਾਂਗਾ ਨੇ ਵੀ ਹੋਟਲ ਮਾਲਕਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਅੰਮ੍ਰਿਤਸਰ ਹੋਟਲ ਅਤੇ ਗੈਸਟ ਹਾਊਸ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਤੇ ਚੇਅਰਮੈਨ ਹਰਿੰਦਰ ਸਿੰਘ ਨੇ ਗੁਰੂ ਨਗਰੀ ਦੇ ਹੋਟਲ ਮਾਲਕਾਂ ਵਲੋਂ ਵਿਸ਼ਵਾਸ ਦਿਵਾਇਆ ਕਿ ਹੋਟਲਾਂ ਵਿਚ ਸੰਗਤਾਂ ਲਈ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਜਾਣ ਵਾਲੇ ਮੁਫ਼ਤ ਕਮਰਿਆਂ ਤੋਂ ਇਲਾਵਾ ਉਹ ਸੰਗਤਾਂ ਦੀ ਸਹੂਲਤ ਲਈ ਹਰ ਤਰ੍ਹਾਂ ਵਚਨਬੱਧ ਹਨ । ਇਸ ਮੌਕੇ ਮੈਨੇਜਰ (ਸਰਾਵਾਂ) ਗੁਰਪ੍ਰੀਤ ਸਿੰਘ ਸਮੇਤ ਵੱਖ ਵੱਖ ਹੋਟਲਾਂ ਦੇ ਮਾਲਕ ਤੇ ਐਸੋਸੀਏਸ਼ਨਾਂ ਦੇ ਨੁਮਾਇੰਦੇ ਸ਼ਾਮਲ ਸਨ।