19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਏਅਰਪੋਰਟ ਰੋਡ ’ਤੇ ਗੰਦਗੀ ਦੇ ਛੱਪੜ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ- ਕੁੰਭਕਰਨੀ ਨੀਂਦ ਸੁੱਤਾ ਜ਼ਿਲ੍ਹਾ ਪ੍ਰਸ਼ਾਸਨ

ਰਾਜਾਸਾਂਸੀ, 19 ਨਵੰਬਰ (ਹਰਦੀਪ ਸਿੰਘ ਖੀਵਾ)-ਗੁਰੂ ਨਗਰੀ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਜਾਣ ਵਾਲੀ ਮੁੱਖ ਏਅਰਪੋਰਟ ਰੋਡ ’ਤੇ ਟੀ. ਪੁਆਇੰਟ ਦੇ ਸਾਹਮਣੇ ਲੰਮੇ ਸਮੇਂ ਤੋਂ ਸੜਕ ਵਿਚਕਾਰ ਖੜ੍ਹਾ ਗੰਦਾ ਅਤੇ ਬਦਬੂਦਾਰ ਪਾਣੀ ਹੁਣ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਬਣ ਗਿਆ ਹੈ।

ਅਜੀਤ ਡੈਸਕ 20-11-2026
ਰਾਜਾਸਾਂਸੀ, 19 ਨਵੰਬਰ (ਹਰਦੀਪ ਸਿੰਘ ਖੀਵਾ)-ਗੁਰੂ ਨਗਰੀ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਜਾਣ ਵਾਲੀ ਮੁੱਖ ਏਅਰਪੋਰਟ ਰੋਡ ’ਤੇ ਟੀ. ਪੁਆਇੰਟ ਦੇ ਸਾਹਮਣੇ ਲੰਮੇ ਸਮੇਂ ਤੋਂ ਸੜਕ ਵਿਚਕਾਰ ਖੜ੍ਹਾ ਗੰਦਾ ਅਤੇ ਬਦਬੂਦਾਰ ਪਾਣੀ ਹੁਣ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਬਣ ਗਿਆ ਹੈ। ਸੜਕ ’ਤੇ ਜਮ੍ਹਾਂ ਹੋਇਆ ਇਹ ਗੰਦਾ ਪਾਣੀ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਵਾਰ-ਵਾਰ ਖ਼ਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਨਾ ਪੰਜਾਬ ਸਰਕਾਰ ਦੇ ਕੰਨਾਂ ’ਤੇ ਜੂੰ ਸਰਕ ਰਹੀ ਹੈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਨੀਂਦ ਖੁੱਲ੍ਹ ਰਹੀ ਹੈ। ਇਹ ਕੋਈ ਆਮ ਗਲੀ-ਮੁਹੱਲੇ ਦੀ ਸੜਕ ਨਹੀਂ, ਸਗੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਾਣ ਵਾਲਾ ਅਹਿਮ ਰਸਤਾ ਹੈ। ਇਸੇ ਰਸਤੇ ਰਾਹੀਂ ਰੋਜ਼ਾਨਾ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਯਾਤਰੀਆਂ ਦੀ ਆਵਾਜਾਈ ਹੁੰਦੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੀ. ਆਈ. ਪੀ. ਅਤੇ ਹੋਰ ਅਹਿਮ ਸ਼ਖ਼ਸੀਅਤਾਂ ਵੀ ਇਸ ਰਸਤੇ ਤੋਂ ਲੰਘਦੀਆਂ ਹਨ। ਸਵਾਲ ਇਹ ਹੈ ਕਿ ਵਿਦੇਸ਼ਾਂ ਤੋਂ ਅੰਮ੍ਰਿਤਸਰ ਆਉਣ ਵਾਲੇ ਮਹਿਮਾਨਾਂ ਨੂੰ ਸ਼ਹਿਰ ਦੀ ਕਿਹੜੀ ਤਸਵੀਰ ਦਿਖਾਈ ਜਾ ਰਹੀ ਹੈ ? ਕੀ ਇਹੀ ਹੈ ਪੰਜਾਬ ਅਤੇ ਗੁਰੂ ਨਗਰੀ ਦੀ ਵਿਕਾਸ ਦੀ ਤਸਵੀਰ ਸਭ ਤੋਂ ਹੈਰਾਨੀਜਨਕ ਪਹਿਲੂ ਇਹ ਹੈ ਕਿ ਇਸ ਗੰਦੇ ਪਾਣੀ ਦੀ ਸਮੱਸਿਆ ਦੀ ਜੜ੍ਹ ਰਾਜਾਸਾਂਸੀ ਦੀ ਆਬਾਦੀ, ਸਿਵਲ ਕਲੋਨੀ ਅਤੇ ਹਵਾਈ ਅੱਡਾ ਰਾਜਾਸਾਂਸੀ ਵਲੋਂ ਆਉਣ ਵਾਲੇ ਪਾਣੀ ਨਾਲ ਜੁੜੀ ਦੱਸੀ ਜਾ ਰਹੀ ਹੈ। ਇਸ ਪਾਣੀ ਦੇ ਨਿਕਾਸ ਲਈ ਕੋਈ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਪਾਣੀ ਏਅਰਪੋਰਟ ਰੋਡ ’ਤੇ ਇਕੱਠਾ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਬੰਧਤ ਆਬਾਦੀ ਨਗਰ ਪੰਚਾਇਤ ਰਾਜਾਸਾਂਸੀ ਦੇ ਅਧੀਨ ਆਉਂਦੀ ਹੈ। ਜਦੋਂ ਇਹ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਹੈ ਤਾਂ ਨਗਰ ਪੰਚਾਇਤ ਰਾਜਾਸਾਂਸੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਲੋਂ ਅੱਜ ਤੱਕ ਇਸ ਦਾ ਪੱਕਾ ਹੱਲ ਕਿਉਂ ਨਹੀਂ ਕੀਤਾ ਗਿਆ ? ਕੀ ਅਧਿਕਾਰੀਆਂ ਨੂੰ ਕਿਸੇ ਵੱਡੇ ਹਾਦਸੇ ਜਾਂ ਬਿਮਾਰੀ ਫੈਲਣ ਦੀ ਉਡੀਕ ਹੈ? ਗੰਦੇ ਪਾਣੀ ਕਾਰਨ ਉੱਠਦੀ ਬਦਬੂ, ਮੱਛਰਾਂ ਦਾ ਖ਼ਤਰਾ ਅਤੇ ਆਵਾਜਾਈ ਵਿਚ ਆ ਰਹੀਆਂ ਮੁਸ਼ਕਲਾਂ ਲੋਕਾਂ ਲਈ ਵੱਡੀ ਪਰੇਸ਼ਾਨੀ ਬਣੀਆਂ ਹੋਈਆਂ ਹਨ । ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਹਵਾਈ ਅੱਡੇ ਵਰਗੇ ਅੰਤਰਰਾਸ਼ਟਰੀ ਮਹੱਤਵ ਵਾਲੇ ਰਸਤੇ ਦੀ ਇਹ ਹਾਲਤ ਹੈ ਤਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੌਣ ਕਰੇਗਾ ? ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਿਰਫ਼ ਕਾਗਜ਼ੀ ਕਾਰਵਾਈ ਜਾਂ ਅਸਥਾਈ ਸਫ਼ਾਈ ਦੀ ਬਜਾਏ ਮੌਕੇ ਦਾ ਤੁਰੰਤ ਦੌਰਾ ਕਰਕੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਨਾਲ ਹੀ ਨਗਰ ਪੰਚਾਇਤ ਰਾਜਾਸਾਂਸੀ ਦੀ ਜਵਾਬਦੇਹੀ ਤੈਅ ਕਰਕੇ ਇਸ ਸਮੱਸਿਆ ਦਾ ਸਮਾਂਬੱਧ ਹੱਲ ਯਕੀਨੀ ਬਣਾਇਆ ਜਾਵੇ। ਨਹੀਂ ਤਾਂ ਏਅਰਪੋਰਟ ਰੋਡ ’ਤੇ ਬਣਿਆ ਇਹ ਗੰਦਾ ਛੱਪੜ ਸਰਕਾਰੀ ਦਾਅਵਿਆਂ ਅਤੇ ਵਿਕਾਸ ਦੇ ਵਾਅਦਿਆਂ ਦੀ ਪੋਲ ਇਸੇ ਤਰ੍ਹਾਂ ਖੋਲ੍ਹਦਾ ਰਹੇਗਾ।
ਪਿਛਲੀ ਖ਼ਬਰ 20ਵਾਂ ਪਾਈਟੈਕਸ ਅੰਮ੍ਰਿਤਸਰ ’ਚ 3 ਦਸੰਬਰ ਤੋਂ ਸ਼ੁਰੂ; ਵਿਸ਼ਾ ਹੋਵੇਗਾ ਸਾਂਝੀ ਵਿਰਾਸਤ ਅਗਲੀ ਖ਼ਬਰ ਸ਼ਰਾਬ ਦੇ ਨਸ਼ੇ ’ਚ ਟੱਲੀ ਏ. ਐੱਸ. ਆਈ. ਨੇ ਸਕੂਲੀ ਵਿਦਿਆਰਥਣ ਨੂੰ ਮਾਰੀ ਟੱਕਰ, ਹਸਪਤਾਲ ਦਾਖ਼ਲ, ਵੀਡੀਓ ਹੋ ਰਹੀ ਵਾਇਰਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।