ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵੀਨਿਊ ’ਚ ਕੂੜੇ ਦੇ ਢੇਰ ਨੂੰ ਲੱਗੀ ਭਿਆਨਕ ਅੱਗ
ਅੰਮ੍ਰਿਤਸਰ, 23 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੇ ਸਭ ਤੋਂ ਪੌਸ਼ ਇਲਾਕੇ ਰਣਜੀਤ ਐਵੀਨਿਊ ਵਿਖੇ ਨਗਰ ਨਿਗਮ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਦਫ਼ਤਰਾਂ ਤੋਂ ਮਹਿਜ਼ 50 ਮੀਟਰ ਦੀ ਦੂਰੀ ‘ਤੇ ਪਏ ਕੂੜੇ, ਸੁੱਕੇ ਪੱਤਿਆਂ ਤੇ ਝਾੜੀਆਂ ਦੇ ਵੱਡੇ ਢੇਰ ਨੂੰ ਰਾਤ ਵੇਲੇ ਭਿਆਨਕ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ ‘ਚ ਜ਼ਹਿਰੀਲਾ ਧੂੰਆਂ ਫੈਲ ਗਿਆ ਹੈ, ਜਿਸ ਨਾਲ ਆਮ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ।
ਅੰਮ੍ਰਿਤਸਰ, 23 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੇ ਸਭ ਤੋਂ ਪੌਸ਼ ਇਲਾਕੇ ਰਣਜੀਤ ਐਵੀਨਿਊ ਵਿਖੇ ਨਗਰ ਨਿਗਮ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਦਫ਼ਤਰਾਂ ਤੋਂ ਮਹਿਜ਼ 50 ਮੀਟਰ ਦੀ ਦੂਰੀ ‘ਤੇ ਪਏ ਕੂੜੇ, ਸੁੱਕੇ ਪੱਤਿਆਂ ਤੇ ਝਾੜੀਆਂ ਦੇ ਵੱਡੇ ਢੇਰ ਨੂੰ ਰਾਤ ਵੇਲੇ ਭਿਆਨਕ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ ‘ਚ ਜ਼ਹਿਰੀਲਾ ਧੂੰਆਂ ਫੈਲ ਗਿਆ ਹੈ, ਜਿਸ ਨਾਲ ਆਮ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ। ਮੌਕੇ ‘ਤੇ ਪਹੁੰਚੇ ਸਮਾਜਿਕ ਕਾਰਕੁਨ ਇੰਜ. ਪਵਨ ਸ਼ਰਮਾ ਨੇ ਦੱਸਿਆ ਕਿ ਜ਼ਹਿਰੀਲੇ ਧੂੰਏਂ ਕਾਰਨ ਲੋਕਾਂ ਦੀਆਂ ਅੱਖਾਂ ਅਤੇ ਗਲੇ ‘ਚ ਜਲਣ ਹੋਣ ਕਰਕੇ ਉਹ ਘਬਰਾ ਕੇ ਆਪਣੇ ਘਰਾਂ ਨੂੰ ਭੱਜਣ ਲਈ ਮਜਬੂਰ ਹੋ ਗਏ। ਉਨ੍ਹਾਂ ਦੱਸਿਆ ਕਿ ਅੱਗ ਦਾ ਧੂੰਆਂ ਰਣਜੀਤ ਐਵੀਨਿਊ ਦੇ ਬੀ ਅਤੇ ਸੀ ਬਲਾਕ ‘ਚ ਇਕ ਸੰਘਣੀ ਚਾਦਰ ਵਾਂਗ ਫੈਲ ਗਿਆ ਅਤੇ ਸੜਕਾਂ ‘ਤੇ ਵਿਜ਼ੀਬਿਲਟੀ ਲਗਭਗ ਜ਼ੀਰੋ ਹੋ ਗਈ। ਇੰਜ. ਸ਼ਰਮਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਡੰਪ ਸਾਈਟ ਦੇ ਬਿਲਕੁਲ ਸਾਹਮਣੇ ਮਸ਼ਹੂਰ ਫੂਡ ਮਾਰਕੀਟ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਖਾਣ-ਪੀਣ ਲਈ ਆਉਂਦੇ ਹਨ, ਪਰ ਉਸ ਦੇ ਬਿਲਕੁਲ ਨਾਲ ਪਲਾਸਟਿਕ, ਫੋਮ ਅਤੇ ਹੋਰ ਕੂੜੇ ਨੂੰ ਅੱਗ ਲਗਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦਿਨ ਵੇਲੇ ਪਛਾਣ ਹੋਣ ਦੇ ਡਰੋਂ ਜਾਣਬੁੱਝ ਕੇ ਰਾਤ ਦੇ ਹਨੇਰੇ ‘ਚ ਕੂੜੇ ਨੂੰ ਅੱਗ ਲਗਾਈ ਜਾਂਦੀ ਹੈ, ਜਿਸ ਨਾਲ ਰੁੱਖਾਂ ਅਤੇ ਹਰਿਆਵਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਨੂੰ ਲੰਮੇ ਹੱਥੀਂ ਲੈਂਦਿਆਂ ਇੰਜ. ਸ਼ਰਮਾ ਨੇ ਕਿਹਾ ਕਿ ਨਗਰ ਨਿਗਮ, ਇੰਪਰੂਵਮੈਂਟ ਟਰੱਸਟ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐੱਨ. ਜੀ. ਟੀ. ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਯਾਦ ਦਿਵਾਇਆ ਕਿ ਪਹਿਲਾਂ ਵੀ ਭਗਤਾਂਵਾਲਾ ਅਤੇ ਝਬਾਲ ਰੋਡ ਡੰਪਾਂ ਦੇ ਮਾਮਲੇ ‘ਚ ਪ੍ਰਸ਼ਾਸਨ ਨੂੰ ਕਰੋੜਾਂ ਰੁਪਏ ਦੇ ਜੁਰਮਾਨੇ ਪੈ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕੂੜੇ ਦਾ ਸਹੀ ਪ੍ਰਬੰਧਨ ਕਰਨ ਦੀ ਬਜਾਏ ਉਸ ਨੂੰ ਅੱਗ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਜ਼ਹਿਰੀਲੀ ਹਵਾ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਸਾਹ ਦੀਆਂ ਬਿਮਾਰੀਆਂ, ਐਲਰਜੀ ਅਤੇ ਦਿਲ ਦੇ ਦੌਰੇ ਵਰਗੇ ਗੰਭੀਰ ਖ਼ਤਰੇ ਪੈਦਾ ਹੋ ਰਹੇ ਹਨ।