25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਭਾਰਤੀ ਕਮਿਊਨਿਸਟ ਪਾਰਟੀ ਅੰਮਿ੍ਤਸਰ (ਦਿਹਾਤੀ) ਦਾ ਜ਼ਿਲ੍ਹਾ ਜਥੇਬੰਦਕ ਇਜਲਾਸ ਅੱਡਾ ਖਜਾਲਾ ਵਿਖੇ ਕਰਵਾਇਆ <br/>

ਅਜੀਤ ਡੈਸਕ 31-01-2026
ਤਰਸਿੱਕਾ, 30 ਜਨਵਰੀ (ਅਤਰ ਸਿੰਘ ਤਰਸਿੱਕਾ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਅੰਮਿ੍ਤਸਰ (ਦਿਹਾਤੀ) ਦਾ ਜ਼ਿਲ੍ਹਾ ਜਥੇਬੰਦਕ ਇਜਲਾਸ ਸੂਬਾ ਨਿਗਰਾਨ ਕਾ. ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਅਤੇ ਪਿ੍ਥੀਪਾਲ ਮਾੜੀਮੇਘਾ ਦੀ ਅਗਵਾਈ ਹੇਠ ਅੱਡਾ ਖਜਾਲਾ ਵਿਖੇ ਸਾਥੀ ਗੁਰਭੇਜ ਸਿੰਘ ਯਾਦਗਾਰੀ ਹਾਲ ਅੰਦਰ ਕੀਤਾ ਗਿਆ | ਜਿਥੇ ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵਿਚ ਕਾ. ਬਲਵਿੰਦਰ ਸਿੰਘ ਦੁਧਾਲਾ, ਕਾ. ਗੁਰਮੁਖ ਸਿੰਘ ਸ਼ੇਰਗਿੱਲ, ਨਿੰਦਰ ਸਿੰਘ ਸੈਦੋਲੇਲ੍ਹ, ਗੁਰਦੀਪ ਸਿੰਘ ਗੁਰੂਵਾਲੀ, ਅਜਮਤ ਮਸੀਹ ਅਤੇ ਭੈਣਜੀ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਕਾਨਫਰੰਸ ਦੀ ਸ਼ੁਰੂਆਤ ਕੀਤੀ ਗਈ | ਜਿਸ ਵਿਚ ਸਭ ਤੋਂ ਪਹਿਲਾਂ ਬਜ਼ੁਰਗ ਕਮਿਊਨਿਸਟ ਆਗੂ ਕਾ. ਪਿਆਰਾ ਸਿੰਘ ਧਾਰੜ ਨੇ ਝੰਡਾ ਲਹਿਰਾਇਆ | ਇਸ ਇਜਲਾਸ ਵਿਚ ਸਾਰੇ ਜ਼ਿਲ੍ਹੇ ਵਿਚੋਂ ਚੁਣੇ ਹੋਏ 150 ਡੈਲੀਗੇਟਾਂ ਨੇ ਹਿੱਸਾ ਲਿਆ | ਇਜਲਾਸ ਦਾ ਉਦਘਾਟਨ ਕਰਦਿਆਂ ਸੂਬਾ ਨਿਗਰਾਨ ਪਿ੍ਥੀਪਾਲ ਸਿੰਘ ਮਾੜੀ ਮੇਘਾ ਨੇ ਕਿਹਾ ਕਿ ਇਸ ਜ਼ਿਲ੍ਹੇ ਤੇ ਕਮਿਊਨਿਸਟ ਪਾਰਟੀ ਨੂੰ ਖਾਸ ਤੌਰ 'ਤੇ ਮਾਣ ਰਿਹਾ ਹੈ | ਕਿਉਂਕਿ ਕਮਿਊਨਿਸਟ ਲਹਿਰ ਦੇ ਉੱਘੇ ਆਗੂ ਬਾਬਾ ਸੋਹਣ ਸਿੰਘ ਭਕਨਾ ਅਤੇ ਕਾ. ਸੋਹਣ ਸਿੰਘ ਜੋਸ਼ ਕਮਿਊਨਿਸਟ ਲਹਿਰ ਦੇ ਉਨ੍ਹਾਂ ਬਾਨੀਆਂ ਵਿੱਚੋਂ ਸਨ, ਜਿਨ੍ਹਾਂ ਨੇ ਇਸ ਦੇਸ਼ ਅੰਦਰ ਕਮਿਊਨਿਸਟ ਪਾਰਟੀ ਦੀ ਸਥਾਪਨਾ ਅੰਦਰ ਅਤੇ ਦੇਸ਼ ਦੀ ਆਜ਼ਾਦੀ ਦੇ ਘੋਲ ਅੰਦਰ ਉੱਘਾ ਯੋਗਦਾਨ ਪਾਇਆ | ਖਾਸ ਕਰਕੇ ਇਹ ਇਲਾਕਾ ਜਿਥੇ ਇਜਲਾਸ ਕਰ ਰਹੇ ਹਾਂ ਕਿਸੇ ਸਮੇਂ ਉੱਘੇ ਕਮਿਊਨਿਸਟ ਆਗੂ ਕਾਮਰੇਡ ਮੱਖਣ ਸਿੰਘ ਤਰਸਿੱਕਾ ਜੋ ਕਿ ਪੰਜਾਬ ਅਸੰਬਲੀ ਦੇ ਮੈਂਬਰ ਬਣੇ ਦੀਆਂ ਸਰਗਰਮੀਆਂ ਦਾ ਗੜ ਰਿਹਾ ਹੈ | ਅੱਜ ਫਿਰ ਮੌਜੂਦਾ ਚੁਣੌਤੀਆਂ ਸਾਹਮਣੇ ਕਮਿਊਨਿਸਟ ਲਹਿਰ ਨੂੰ ਮਜਬੂਤ ਕਰਨ ਦੀ ਵੱਡੀ ਚੁਣੌਤੀ ਹੈ | ਇਜਲਾਸ ਅੰਦਰ ਸਭ ਤੋਂ ਪਹਿਲਾਂ ਡੈਲੀਗੇਟ ਸਾਥੀਆਂ ਨੇ ਪਿਛਲੇ ਤਿੰਨ ਸਾਲਾਂ ਅੰਦਰ ਵਿਛੜੇ ਕਮਿਊਨਿਸਟ ਆਗੂਆਂ ਅਤੇ ਪਹਿਲਗਾਮ ਅੰਦਰ ਨਿਰਦੋਸ਼ ਲੋਕਾਂ ਦੇ ਕਤਲਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਉਪਰੰਤ ਜ਼ਿਲ੍ਹਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰ ਨੇ ਪਿਛਲੇ ਤਿੰਨ ਸਾਲ ਦੀਆਂ ਸਰਗਰਮੀਆਂ ਅਤੇ ਜਥੇਬੰਦਕ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ | ਜਿਸ ਤੇ ਹਾਜ਼ਰ ਡੈਲੀਗੇਟਾਂ ਨੇ ਬਹਿਸ ਕਰਕੇ ਇਸ ਰਿਪੋਰਟ ਨੂੰ ਕੁਝ ਵਾਧਿਆਂ ਸਮੇਤ ਸਰਬਸੰਮਤੀ ਨਾਲ ਪਾਸ ਕੀਤਾ | ਇਜਲਾਸ ਨੂੰ ਸੰਬੋਧਨ ਕਰਦਿਆਂ ਕਾ. ਹਰਦੇਵ ਅਰਸ਼ੀ ਨੇ ਕਮਿਊਨਿਸਟ ਲਹਿਰ ਦੇ ਸ਼ਾਨਾਮਤੇ ਇਤਿਹਾਸ ਦੇ ਸਬੰਧ ਵਿਚ ਕਮਿਊਨਿਸਟ ਪਾਰਟੀ ਦੀ 100ਵੀਂ ਵਰ੍ਹੇਗੰਢ ਮੌਕੇ ਕੀਤੇ ਜਾ ਰਹੇ ਦੇਸ਼ ਭਰ ਅੰਦਰ ਸਮਾਗਮਾਂ ਦੀ ਜਾਣਕਾਰੀ ਸਾਂਝੀ ਕੀਤੀ | ਪੰਜਾਬ ਪਾਰਟੀ ਵਲੋਂ ਕਰਵਾਈ ਗਈ 25ਵੀਂ ਆਲ ਇੰਡੀਆ ਕਾਨਫਰੰਸ ਬਾਰੇ ਬੋਲਦਿਆਂ ਉਨ੍ਹਾਂ ਹਾਜ਼ਰ ਡੈਲੀਗੇਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਹੀ ਇਹ ਕਾਨਫਰੰਸ ਯਾਦਗਾਰੀ ਹੋ ਨਿੱਬੜੀ ਹੈ | ਇਸੇ ਤਰ੍ਹਾਂ ਅੱਜ ਜਿਸ ਤਰ੍ਹਾਂ ਕੇਂਦਰ ਵਿਚ ਰਾਜ ਕਰਦੀ ਪਾਰਟੀ ਬੀਜੇਪੀ ਅਤੇ ਉਸ ਦੇ ਪਿੱਛੇ ਆਰ. ਐੱਸ. ਐੱਸ. ਦੇਸ਼ ਦੇ ਜਮਹੂਰੀ ਪ੍ਰਬੰਧ ਨੂੰ ਖ਼ਤਰਾ ਬਣ ਕਿ ਖੜ੍ਹੇ ਹਨ | ਉਨ੍ਹਾਂ ਖਿਲਾਫ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਲਾਮਬੰਦ ਹੋਣ ਦਾ ਸੱਦਾ ਦਿੱਤਾ | ਕੇਂਦਰ ਸਰਕਾਰ ਵਲੋਂ ਜੋ ਬਿਜਲੀ ਐਕਟ ਅਤੇ ਬੀਜ ਐਕਟ 2025, ਮਨਰੇਗਾ ਕਨੂੰਨ ਦੇ ਮੁਢਲੇ ਸਵਰੂਪ ਨੂੰ ਬਹਾਲ ਕਰਨ ਅਤੇ ਚਾਰ ਲੇਬਰ ਕੋਡਾਂ ਨੂੰ ਵਾਪਿਸ ਕਰਵਾਉਣ ਲਈ ਕੇਂਦਰ ਦੀਆਂ ਟਰੇਡ ਯੂਨੀਅਨ, ਮੁਲਾਜ਼ਮ ਫੈਡਰੇਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ 12 ਫਰਵਰੀ ਨੂੰ ਇਕ ਦਿਨਾ ਹੜਤਾਲ ਨੂੰ ਕਾਮਯਾਬ ਕਰਨ ਲਈ ਆਮ ਲੋਕਾਂ ਨੂੰ ਲਾਮਬੰਦ ਕਰਕੇ ਹਿੱਸਾ ਲੈਣ ਦੀ ਅਪੀਲ ਕੀਤੀ | ਅਖ਼ੀਰ ਵਿਚ ਹਾਜ਼ਰ ਡੈਲੀਗੇਟਾਂ ਨੇ ਆਉਣ ਵਾਲੇ ਸਮੇਂ ਲਈ 43 ਮੈਂਬਰੀ ਜ਼ਿਲ੍ਹਾ ਕੌਂਸਲ ਅਤੇ ਸੂਬਾ ਕਾਨਫਰੰਸ ਵਾਸਤੇ 12 ਡੈਲੀਗੇਟਾਂ ਦੀ ਚੋਣ ਨੂੰ ਪ੍ਰਵਾਨਗੀ ਦਿੱਤੀ | ਜਿਸ ਨੇ ਦੁਬਾਰਾ ਲਖਬੀਰ ਸਿੰਘ ਨਿਜਾਮਪੁਰ ਨੂੰ ਜ਼ਿਲ੍ਹਾ ਸਕੱਤਰ ਚੁਣ ਲਿਆ ਗਿਆ |

ਪਿਛਲੀ ਖ਼ਬਰ ਜਤਿੰਦਰ ਸਿੰਘ ਮਹਿਤਾ ਤੇ ਜੁਗਰਾਜ ਸਿੰਘ ਉਦੋਨਗਲ ਨੂੰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਸਹਾਇਕ ਦਫ਼ਤਰ ਸਕੱਤਰ ਲਗਾਇਆ... ਅਗਲੀ ਖ਼ਬਰ ਹੈਬਰਨ ਵਰਲਡ ਸਕੂਲ ਦੇ ਚੇਅਰਮੈਨ ਵਲੋਂ ਜੀ.ਐੱਨ.ਡੀ.ਯੂ. ਦੇ ਖੇਡ ਡਾਇਰੈਕਟਰ ਨਾਲ ਖੇਡਾਂ ਸੰਬੰਧੀ ਵਿਚਾਰਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।