ਗੋਇੰਦਵਾਲ ਸਾਹਿਬ, 13 ਫਰਵਰੀ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਤੇ ਜਨਰਲ ਸਕੱਤਰ ਹਰਪਿੰਦਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਵਲੋਂ ਪਿਛਲੇ ਲੰਬੇ ਸਮੇਂ ਤੋਂ ਮਹਿਕਮਾ ਪੀ.ਐੱਸ.ਆਈ.ਈ.ਸੀ. ਤੋਂ ਪਾਣੀ ਦੇ ਨਵੇਂ ਟਿਊਬਲ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਮਹਿਕਮੇ ਨੇ ਪ੍ਰਵਾਨ ਕਰ ਲਿਆ ਤੇ ਅੱਜ ਜੇ.ਈ. ਗਗਨਦੀਪ ਦੀ ਹਾਜ਼ਰੀ ਵਿਚ ਇੱਕ ਨਵਾਂ ਟਿਊਬਲ ਜੋ ਲਗਭਗ 659 ਫੁੱਟ ਡੂੰਘਾਈ ਤੱਕ ਲਗੇਗਾ ਦੀ ਸ਼ੁਰੂਆਤ ਕੀਤੀ | ਇਸ ਮੌਕੇ ਭਰੋਵਾਲ ਤੇ ਗਿੱਲ ਨੇ ਕਿਹਾ ਕਿ ਹੁਣ ਜਿੱਥੇ ਇੰਡਸਟਰੀ ਨੂੰ ਸ਼ੁੱਧ ਪਾਣੀ ਮਿਲੇਗਾ, ਉੱਥੇ ਰਿਹਾਇਸ਼ੀ ਇਲਾਕੇ ਵਿਚ ਰਹਿ ਰਹੇ ਲੋਕਾਂ ਨੂੰ ਹੁਣ ਆਰ.ਓ. ਲਗਾਉਣ ਦੀ ਜਰੂਰਤ ਨਹੀਂ ਪਵੇਗੀ ਕਿਉਂਕਿ 650 ਫੁੱਟ ਤੇ ਬਹੁਤ ਹੀ ਸ਼ੁੱਧ ਤੇ ਸਵੱਛ ਪਾਣੀ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਮਹਿਕਮੇ ਵਲੋਂ ਆਧੁਨਿਕ ਡੀ.ਆਈ. ਪਾਈਪ ਦੀ ਵਿਛਾਈ ਕੀਤੀ ਜਾਏਗੀ, ਜਿਸ ਨਾਲ ਹੁਣ ਪਾਣੀ ਦੀ ਲੀਕੇਜ ਤੇ ਹੋਰ ਸਮੱਸਿਆਵਾਂ ਤੋਂ ਨਿਜਾਤ ਮਿਲ ਜਾਵੇਗੀ | ਇਸ ਮੌਕੇ ਭਰੋਵਾਲ ਤੇ ਗਿੱਲ ਨੇ ਕਿਹਾ ਕਿ ਮਹਿਕਮੇ ਪੀ.ਡਬਯੂ.ਡੀ ਵਲੋਂ ਇੰਡਸਟਰੀ ਏਰੀਏ ਨੂੰ ਆ ਰਹੀ ਮੁੱਖ ਸੜਕ ਵੀ ਬਣਾਈ ਜਾ ਰਹੀ ਹੈ, ਜੋ ਕਿ ਬਹੁਤ ਹੀ ਵਧੀਆ ਮਟੀਰੀਅਲ ਨਾਲ ਤਿਆਰ ਹੋਵੇਗੀ | ਇਸ ਮੌਕੇ ਇੱਕਬਾਲ ਸਿੰਘ ਸੈਣੀ, ਆਰ.ਕੇ ਦੀਕਸ਼ਿਤ, ਇੰਦਰਜੀਤ ਸਿੰਘ ਕਰਤਾਰ ਮਿੱਲ, ਜੇ.ਈ ਗਗਨਦੀਪ ਸਿੰਘ, ਮਧੁਰਬੈਨ ਸਿੰਘ ਅਜੀਤ ਸਿੰਘ ਰੀਗਲ ਲੈਬਰੋਟਰੀ, ਸਵਰਨਜੀਤ ਸੋਨੀ ਬਰਾਸ, ਸਾਹਿਬ ਸਿੰਘ, ਮਲਕੀਤ ਸਿੰਘ ਸੈਣੀ , ਦਲਜੀਤ ਸਿੰਘ ਝੰਡ, ਮਨਜੀਤ ਸਿੰਘ ਸਿੱਧੂ, ਸੰਦੀਪ ਗਲਹੋਤਰਾ ਆਦਿ ਹਾਜ਼ਰ ਸਨ |