ਤਰਨ ਤਾਰਨ, 14 ਫਰਵਰੀ (ਹਰਿੰਦਰ ਸਿੰਘ)- ਗੁਰਮਤਿ ਪ੍ਰਚਾਰ ਫੇਰੀ 'ਤੇ ਚਲਦਿਆਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਮਾਲਵਾ ਖੇਤਰ ਵਿਚ ਸ਼ਹਿਰ ਪਟਿਆਲਾ ਅਤੇ ਨਾਭਾ ਪਹੁੰਚੇ, ਜਿੱਥੇ ਸੰਗਤਾਂ ਦੇ ਇਕੱਠ ਨੇ ਸੰਤ ਬਾਬਾ ਸੁੱਖਾ ਸਿੰਘ ਦਾ ਜੈਕਾਰਿਆਂ ਦੀ ਗੂੰਜ ਅਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ | ਬਾਬਾ ਜੀ ਵਲੋਂ ਸਾਲ 2023 ਅਤੇ 2025 ਵਿਚ ਪੰਜਾਬ 'ਚ ਆਏ ਹੜ੍ਹਾਂ ਦੌਰਾਨ ਮਾਨਵਤਾ ਦੇ ਭਲੇ ਹਿੱਤ ਨਿਭਾਈਆਂ ਗਈਆਂ ਸੇਵਾਵਾਂ ਦੀਆਂ ਖਬਰਾਂ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿਚ ਪਹੁੰਚ ਗਈਆਂ ਸਨ, ਜਿਸ ਵਿਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਰਿਹਾ | ਹੜ੍ਹਾਂ ਦੌਰਾਨ ਨਿਭਾਈਆਂ ਸੇਵਾਵਾਂ ਨੂੰ ਆਦਰ ਦਿੰਦਿਆਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਅੱਜ ਮਾਲਵਾ ਖੇਤਰ ਦੀ ਸੰਗਤ ਵਲੋਂ ਪਟਿਆਲਾ ਅਤੇ ਨਾਭਾ ਸ਼ਹਿਰ ਵਿਖ਼ੇ ਬਾਬਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਟਿਆਲਾ ਵਿਖੇ ਨਿਰਮਲ ਸਿੰਘ ਸੰਧੂ, ਕਿਰਨਬੀਰ ਸਿੰਘ ਸੰਧੂ (ਹਾਈ ਮਾਰਕ ਇਮੀਗ੍ਰੇਸ਼ਨ ਪਟਿਆਲਾ ਵਾਲੇ), ਡੀ.ਐੱਸ.ਪੀ. ਬੀਰਅਨਮੋਲ ਸਿੰਘ ਅਤੇ ਨਾਭਾ ਵਿਖੇ ਏ.ਐੱਸ ਕੰਬਾਈਨ ਨਾਭਾ ਵਾਲੇ, ਅਜੈਬ ਸਿੰਘ, ਬਹਾਦਰ ਸਿੰਘ, ਹਰਪਾਲ ਸਿੰਘ, ਸੁਖਪਾਲ ਸਿੰਘ, ਸਮੂਹ ਚੰਨੀ ਪਰਿਵਾਰ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ | ਨਿਰਮਲ ਸਿੰਘ ਸੰਧੂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਅਸੀਂ ਸਮੂਹ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਜੀ ਆਇਆਂ ਆਖਦੇ ਹਾਂ | ਸੰਤ ਬਾਬਾ ਸੁੱਖਾ ਸਿੰਘ ਨੇ ਮਾਨਵਤਾ ਦੇ ਭਲੇ ਹਿੱਤ ਮਹਾਨ ਪਰਉਪਕਾਰ ਕੀਤੇ ਹਨ | ਭਾਵੇਂ ਅਸੀਂ ਦਰਿਆਵਾਂ ਦੇ ਕੰਢੇ ਚਲਦੀਆਂ ਸੇਵਾਵਾਂ ਵੇਲੇ ਮੌਕੇ 'ਤੇ ਹਾਜ਼ਰ ਨਹੀਂ ਸਾਂ, ਪਰ ਸ਼ੋਸ਼ਲ ਮੀਡੀਆ ਰਾਹੀਂ ਸੇਵਾ ਦੇ ਦਿ੍ਸ਼ ਵੇਖਦੇ ਸਾਂ ਤਾਂ ਮਨ ਅਸ਼ ਅਸ਼ ਕਰ ਉੱਠਦਾ ਸੀ | ਸੰਤ ਬਾਬਾ ਸੁੱਖਾ ਸਿੰਘ ਨੇ ਪੰਜਾਬ ਦੀ ਮੁਸੀਬਤ ਵੇਲੇ ਇਕ ਮਹਾਨ ਅਗਵਾਈ ਕੀਤੀ ਅਤੇ ਖੁਦ ਹੱਥੀਂ ਸੇਵਾ ਕਰਕੇ ਸੰਗਤਾਂ ਵਿਚ ਅਥਾਹ ਜੋਸ਼ ਭਰਿਆ | ਅੱਜ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕਰਨ 'ਤੇ ਸਾਨੂੰ ਅਤਿਅੰਤ ਖੁਸ਼ੀ ਹੋ ਰਹੀ ਹੈ |