ਸਰਕਾਰਾਂ ਤਾਂ ਬਦਲਦੀਆਂ ਰਹੀਆਂ ਪਰ ਲੋਕਾਂ ਦੀਆਂ ਮੁਸ਼ਕਿਲਾਂ ਨਹੀਂ ਬਦਲੀਆਂ <br/>
ਅਜੀਤ ਡੈਸਕ
15-02-2026
ਝਬਾਲ, 14 ਫਰਵਰੀ -ਪੰਜਾਬ ਵਿੱਚ ਸਮੇਂ ਸਮੇਂ 'ਤੇ ਸਰਕਾਰਾਂ ਤਾਂ ਬਦਲਦੀਆਂ ਰਹੀਆਂ ਹਨ ਪਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਾ ਹੋਣ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨਹੀਂ ਬਦਲੀਆਂ ਤੇ ਲੋਕ ਕਈ ਮੁਸ਼ਕਿਲਾਂ ਵਿਚ ਘਿਰੇ ਹੋਏ ਅੱਜ ਵੀ ਪਰੇਸ਼ਾਨ ਹਨ | ਜਿਸ ਤਰ੍ਹਾਂ ਕਿ ਤਰਨ ਤਰਨ ਜ਼ਿਲ੍ਹੇ ਵਿਚ ਮਾਝੇ ਦੇ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਨਜ਼ਦੀਕ ਪੈਂਦਾ ਪ੍ਰਸਿੱਧ ਇਤਿਹਾਸਿਕ ਕਸਬਾ ਝਬਾਲ ਅਤੇ ਇਸਦੇ ਆਸ-ਪਾਸ ਪਿੰਡਾਂ ਦੇ ਲੋਕ ਅੱਡਾ ਝਬਾਲ ਵਿਖੇ ਹਰ ਸਮੇਂ ਲੱਗੇ ਰਹਿੰਦੇ ਟਰੈਫਿਕ ਸਮੱਸਿਆ ਤੋਂ ਛੁਟਕਾਰਾ ਨਾ ਮਿਲਣ ਕਰਕੇ ਪਰੇਸ਼ਾਨ ਹਨ ਕਿ ਉੱਥੇ ਹੀ ਝਬਾਲ ਵਾਸੀ ਸਾਫ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਵੀ ਵਾਂਝੇ ਹੋਏ ਦੂਸਿਤ ਪਾਣੀ ਵਰਤਣ ਲਈ ਮਜ਼ਬੂਰ ਹਨ | ਹੁਣ ਜੇਕਰ ਟਰੈਫਿਕ ਜਾਮ ਵੱਲ ਧਿਆਨ ਦਿੱਤਾ ਜਾਵੇ ਤਾਂ ਇਸ ਉਲਝਦੇ ਜਾ ਰਹੇ ਮਸਲੇ ਨੂੰ ਹੱਲ ਕਰਨ ਲਈ ਪਹਿਲਾਂ ਪੰਜਾਬ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਯਤਨ ਕਰਦਿਆਂ ਅੱਡਾ ਝਬਾਲ ਵਿਖੇ ਬੱਸ ਸਟੈਂਡ ਦੀ ਉਸਾਰੀ ਕਰਾਈ ਅਤੇ ਬੱਸ ਸਟੈਂਡ ਚਾਲੂ ਨਾ ਕਰਾ ਸਕਣ ਕਰਕੇ ਬੱਸਾਂ ਅੱਡੇ 'ਚ ਜਾਣ ਦੀ ਬਜਾਏ ਸੜਕਾਂ 'ਤੇ ਹੀ ਵੱਖ-ਵੱਖ ਸੜਕਾਂ ਵਿਚਕਾਰ ਖੜੀਆਂ ਰਹਿਣ ਨਾਲ ਟਰੈਫਿਕ ਜਾਮ ਤੋਂ ਲੋਕਾਂ ਨੂੰ ਛੁਟਕਾਰਾ ਨਹੀਂ ਮਿਲ ਸਕਿਆ | ਜਦੋਂਕਿ ਬਾਅਦ ਵਿਚ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਵੀ ਇਹ ਮਸਲਾ ਇਸੇ ਤਰ੍ਹਾਂ ਹੀ ਉਲਝਿਆ ਰਿਹਾ ਤੇ ਕਾਂਗਰਸ ਸਰਕਾਰ ਦੇ ਕਈ ਦਾਅਵਿਆਂ ਦੇ ਬਾਵਜੂਦ ਬੱਸ ਸਟੈਂਡ ਚਾਲੂ ਨਹੀਂ ਹੋ ਸਕਿਆ | ਜਦੋਂਕਿ ਹੁਣ ਮੌਜੂਦਾ ਸੂਬੇ ਦੀ 'ਆਪ' ਸਰਕਾਰ ਦੇ ਵੀ ਸਾਢੇ ਕੁ ਚਾਰ ਸਾਲ ਦੇ ਰਾਜ ਦੌਰਾਨ ਝਬਾਲ ਵਿਖੇ ਬੱਸ ਸਟੈਂਡ ਸ਼ੁਰੂ ਨਾ ਹੋਣ ਕਰਕੇ ਟਰੈਫਿਕ ਜਾਮ ਦੀ ਸਮੱਸਿਆ ਦਿਨੋ ਦਿਨ ਹੋਰ ਗੰਭੀਰ ਹੀ ਬਣਦੀ ਜਾ ਰਹੀ ਹੈ | ਬੱਸ ਸਟੈਂਡ ਚਾਲੂ ਨਾ ਹੋਣ ਦੀ ਵਜਹਾ ਕਰਕੇ ਸਵਾਰੀਆਂ ਨੂੰ ਵੀ ਜਿੱਥੇ ਮੀਂਹ ਅਤੇ ਕੜਕਦੀਆਂ ਧੁੱਪਾਂ ਵਿਚ ਬੱਸਾਂ ਦੀ ਉਡੀਕ ਲਈ ਖੜੇ ਹੋਣਾ ਪੈਂਦਾ ਹੈ, ਉਥੇ ਹੀ ਬਾਥਰੂਮ ਜਾਣ ਲਈ ਵੀ ਸਵਾਰੀਆਂ ਨੂੰ ਬੇਹੱਦ ਪਰੇਸ਼ਾਨ ਹੋਣਾ ਪੈ ਰਿਹਾ ਹੈ | ਜਦੋਂ ਕਿ ਟਰੈਫਿਕ ਜਾਮ ਲਈ ਜਿੱਥੇ ਬੱਸ ਸਟੈਂਡ ਨਾ ਹੋਣ ਕਰਕੇ ਬੱਸਾਂ ਦਾ ਸੜਕਾਂ ਵਿਚ ਲੱਗਣਾ ਕਾਰਨ ਬਣ ਰਿਹਾ ਹੈ, ਉਥੇ ਹੀ ਲੋਕਾਂ ਵਲੋਂ ਸੜਕਾਂ ਤੱਕ ਕੀਤੇ ਗਏ ਨਜਾਇਜ਼ ਕਬਜ਼ੇ ਵੀ ਟਰੈਫਿਕ ਜਾਮ ਦਾ ਵੱਡਾ ਕਾਰਨ ਬਣ ਰਿਹਾ ਹੈ ਕਿਉਂਕਿ ਕਈ ਦੁਕਾਨਦਾਰਾਂ ਨੇ ਜਿੱਥੇ ਸੜਕਾਂ ਤੱਕ ਸਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਥੇ ਹੀ ਰੇਹੜੇ, ਰੇਹੜੀਆਂ ਵਾਲਿਆਂ ਨੇ ਵੀ ਸੜਕਾਂ 'ਤੇ ਨਾਜਾਇਜ਼ ਕਬਜ਼ੇ ਸ਼ਰੇਆਮ ਕੀਤੇ ਹੋਏ ਹਨ, ਜਿਸ ਨਾਲ ਹਰ ਵੇਲੇ ਅੱਡਾ ਝਬਾਲ ਵਿਖੇ ਲੱਗਦੇ ਟਰੈਫਿਕ ਜਾਮ ਨੇ ਕਈ ਪਿੰਡਾਂ ਦੇ ਲੋਕਾਂ ਦੀ ਸਿਰਦਰਦੀ ਨੂੰ ਵਧਾ ਰੱਖਿਆ ਹੈ ਅਤੇ ਇਸ ਟਰੈਫਿਕ ਜਾਮ ਵਿਚ ਕਈ ਵਾਰ ਐਂਬੂਲੈਂਸ ਗੱਡੀਆਂ ਵੀ ਫਸੀਆਂ ਹੋਈਆਂ ਦਿਖਾਈ ਦਿੰਦੀਆਂ ਹਨ | ਇਸ ਤੋਂ ਇਲਾਵਾ ਤਰਨ ਤਾਰਨ ਰੋਡ ਝਬਾਲ ਵਿਖੇ ਬਣੀ ਪਾਣੀ ਵਾਲੀ ਟੈਂਕੀ ਵੀ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੋਣ ਕਰਕੇ ਚਿੱਟਾ ਹਾਥੀ ਬਣੀ ਪਈ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਦੇ ਕੀਤੇ ਜਾਂਦੇ ਦਾਅਵਿਆਂ ਦੀ ਹਵਾ ਕੱਢਦੀ ਦਿਖਾਈ ਦੇ ਰਹੀ ਹੈ | ਇਹ ਟੈਂਕੀ ਦੇ ਬੰਦ ਹੋਣ ਕਾਰਨ ਲੋਕ ਦੂਸ਼ਿਤ ਹੋਇਆ ਪਾਣੀ ਵਰਤਣ ਲਈ ਮਜ਼ਬੂਰ ਹਨ | ਪਿਛਲੇ ਸਮੇਂ ਦੌਰਾਨ ਠੇਕੇਦਾਰਾਂ ਵਲੋਂ ਪਾਣੀ ਦੀ ਸਪਲਾਈ ਲਈ ਪਾਏ ਪਾਈੁੁਪ ਵੀ ਹੁਣ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ | ਲੋਕ ਸਾਫ ਪਾਣੀ ਦੀ ਵਰਤੋਂ ਲਈ ਹੋਰ ਵੱਖ-ਵੱਖ ਥਾਵਾਂ ਤੋਂ ਡੂੰਘੇ ਬੋਰਾਂ ਦਾ ਪਾਣੀ ਲਿਆ ਕੇ ਵਰਤਣ ਲਈ ਸਾਰਾ ਸਾਰਾ ਦਿਨ ਬਾਲਟੀਆਂ, ਬੋਤਲਾਂ, ਵਾਟਰ ਕੂਲਰ ਪਾਣੀ ਭਰਨ ਲਈ ਚੁੱਕੀ ਫਿਰਦੇ ਹੋਏ ਸਰਕਾਰਾਂ ਨੂੰ ਕੋਸ਼ਦੇ ਦਿਖਾਈ ਦਿੰਦੇ ਹਨ ਅਤੇ ਦੂਸ਼ਿਤ ਪਾਣੀ ਦੀ ਵਰਤੋਂ ਅਤੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਕਾਰਨ ਕਈ ਭਿਆਨਕ ਬਿਮਾਰੀਆਂ ਆਪਣੇ ਪੈਰ ਪਸਾਰਦੀਆਂ ਜਾ ਰਹੀਆਂ ਹਨ | ਪਾਣੀ ਦੀ ਖ਼ਰਾਬੀ ਕਾਰਨ ਹੀ ਕਾਲਾ ਪੀਲੀਆ ਹੱਡੀਆਂ ਨਾਲ ਸੰਬੰਧਿਤ ਗੋਡਿਆਂ ਜੋੜਾਂ ਦੀਆਂ ਦਰਦਾਂ ਨੇ ਇਲਾਕੇ ਵਿੱਚ ਕਈ ਲੋਕਾਂ ਨੂੰ ਆਪਣੀ ਪਕੜ ਵਿੱਚ ਲਿਆ ਹੋਇਆ ਹੈ | ਮਹਿਗਾਈ ਤੋਂ ਬੇਵੱਸ਼ ਹੋਏ ਲੋਕ ਦੇਸ਼ੀ ਨੀਮ-ਹਕੀਮਾਂ ਤੋਂ ਇਹ ਆਪਣਾ ਇਲਾਜ ਕਰਾਉਣ ਲਈ ਮਜ਼ਬੂਰ ਹਨ | ਇਲਾਕਾ ਵਾਸੀਆਂ ਦੀ ਸਰਕਾਰ ਤੋਂ ਵੱਡੀ ਮੰਗ ਹੈ ਕਿ ਲੋਕਾਂ ਨੂੰ ਟਰੈਫਿਕ ਜਾਮ ਤੋਂ ਛੁਟਕਾਰਾ ਦਵਾਉਣ ਲਈ ਅੱਡਾ ਝਬਾਲ ਵਿਖੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਛਡਾਉਣ ਤੋਂ ਇਲਾਵਾ ਬੰਦ ਪਿਆ ਬੱਸ ਸਟੈਂਡ ਵੀ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਟਰੈਫਿਕ ਜਾਮ ਤੋਂ ਛੁਟਕਾਰਾ ਮਿਲ ਸਕੇ ਅਤੇ ਸਾਫ ਪਾਣੀ ਦੇਣ ਲਈ ਬੰਦ ਪਈ ਟੈਂਕੀ ਨੂੰ ਵੀ ਚਾਲੂ ਕਰਾਉਣ ਵੱਲ ਸਰਕਾਰ ਧਿਆਨ ਦੇਵੇ |