ਅਟਾਰੀ ਸਰਹੱਦ, (ਅੰਮਿ੍ਤਸਰ) 15 ਫ਼ਰਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਦੀ ਅਟਾਰੀ ਸਰਹੱਦ ਦੇ ਨਜ਼ਦੀਕ ਪਿੰਡ ਮੁਹਾਵਾ ਦੀ ਡਿਫੈਂਸ ਨਹਿਰ 'ਤੇ ਬਣੇ ਭਾਰਤੀ ਫ਼ੌਜ ਦੇ ਮੋਰਚਿਆਂ ਦੇ ਨਜ਼ਦੀਕ ਇਕ ਬਹੁਤ ਹੀ ਵੱਡਾ ਖਤਰਨਾਕ ਅਜ਼ਗਰ ਫੜਿਆ ਗਿਆ | ਸਥਾਨਕ ਲੋਕਾਂ ਅਨੁਸਾਰ ਅਜ਼ਗਰ ਹੁਣ ਤੱਕ ਛੋਟੇ ਛੋਟੇ ਅਨੇਕਾਂ ਜਾਨਵਰ ਜਿਨ੍ਹਾਂ ਵਿਚ ਗਿੱਦੜ, ਸਹਿਆ, ਕੁੱਤਾ, ਬਾਂਦਰ ਨੂੰ ਖਾ ਚੁੱਕਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਕਾਬਲ ਸਿੰਘ ਮੁਹਾਵਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਇਸ ਅਜ਼ਗਰ ਵਲੋਂ ਕੁੱਤੇ ਨੂੰ ਫੜਿਆ ਸੀ ਜੋ ਇਸ ਦੀ ਖੁੱਡ ਵਿਚ ਜਕੜਿਆ ਹੋਇਆ ਦਿਨ ਰਾਤ ਪੰਜ ਦਿਨਾਂ ਤੋਂ ਚੀਕਾਂ ਨਿਕਲਦੀਆਂ ਵੇਖ ਨਜਦੀਕ ਦੇ ਘਰਾਂ ਵਾਲਿਆਂ ਵਲੋਂ ਇਸ ਸੰਬੰਧੀ ਜੰਗਲਾਤ ਵਿਭਾਗ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੇ ਖੁੱਡ ਦੇ ਅੰਦਰ ਕੋਈ ਚੀਜ਼ ਭੇਜ ਕੇ ਚੈੱਕ ਕੀਤਾ ਤਾਂ ਅਜ਼ਗਰ ਵਲੋਂ ਕੁੱਤਾ ਫੜਿਆ ਹੋਇਆ ਸੀ, ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਅਜਗਰ ਵਲੋਂ ਇਸ ਪਿੰਡ ਦੇ ਲਾਗੇ ਚਾਗੇ ਦੇ ਕਈ ਜਾਨਵਰ ਮਾਰ ਮੁਕਾਏ ਗਏ ਹਨ, ਜਿਨ੍ਹਾਂ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ ਤੇ ਉਸ ਵਲੋਂ ਖਾਧੇ ਗਏ ਹਨ | ਉਨ੍ਹਾਂ ਦੱਸਿਆ ਕਿ ਬਾਅਦ ਕਪੂਰਥਲਾ ਦੇ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਜੋ ਸੱਪ ਵਗੈਰਾ ਫੜਦੇ ਨੇ ਜਾਨਵਰਾਂ ਨੂੰ ਫੜਦੇ ਨੇ ਉਹਨੇ ਆ ਕੇ ਅੱਜ ਰੈਸਕਿਊ ਅਪ੍ਰੇਸ਼ਨ ਕੀਤਾ ਅਤੇ ਅਜ਼ਗਰ ਨੂੰ ਕਾਬੂ ਕੀਤਾ | ਇਸ ਮੌਕੇ ਪਿੰਡ ਵਾਸੀਆਂ ਨਾਲ ਕਿਸਾਨ ਆਗੂ ਕਾਬਲ ਸਿੰਘ ਮੁਹਾਵਾ ਅਤੇ ਸ਼ਮਸ਼ੇਰ ਸਿੰਘ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਅਜ਼ਗਰ ਨੂੰ ਫੜਨ ਲਈ ਡਿਫੈਂਸ ਨੇੜੇ ਖੇਤਾਂ ਦੀ ਖੁਦਾਈ ਚਾਲੂ ਕੀਤੀ ਤੇ ਇਹ ਰੱਸਾ ਪਾ ਕੇ ਖਿੱਚਿਆ ਤੇ ਅੱਜ ਅਜ਼ਗਰ ਭਾਰੀ ਤੇ ਲੰਭਾ ਹੋਣ ਕਰਕੇ ਅਨੇਕਾਂ ਬੰਦਿਆਂ ਕੋਲੋਂ ਰੁਡ ਵਿਚੋਂ ਖਿੱਚਿਆ ਨਹੀਂ ਗਿਆ ਸੀ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜੇ. ਸੀ. ਬੀ. ਦੀ ਮਦਦ ਦੇ ਨਾਲ ਪੁੱਟਿਆ ਗਿਆ | ਖੁੱਡ ਨੂੰ ਪੁੱਟ ਕੇ ਫਿਰ ਬਾਅਦ 'ਚ ਅਜ਼ਗਰ ਨੂੰ ਬਾਹਰ ਚੁੱਕ ਕੇ ਬਾਹਰ ਕੱਢਿਆ | ਉਨ੍ਹਾਂ ਦੱਸਿਆ ਕਿ ਅਜ਼ਗਰ ਦਾ ਭਾਰ ਘੱਟ ਤੋਂ ਘੱਟ ਵੀ 35 ਕਿਲੋ ਤੋਂ ਵੱਧ ਹੈ ਤੇ ਇੱਕ ਜਣੇ ਤੋਂ ਚੁੱਕਣਾ ਔਖਾ ਸੀ |