ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)-ਥਾਣਾ ਵਲਟੋਹਾ ਦੀ ਪੁਲਿਸ ਵਲੋਂ ਇਕ ਕਿੱਲੋ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਵਲਟੋਹਾ ਦੇ ਸਬ ਇੰਸਪੈਕਟਰ ਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸੰਬੰਧ ਵਿਚ ਪਿੰਡ ਲਾਖਣੇ ਦੀ ਡਰੇਨ ਪਿੰਡ ਢੋਲਣ ਤੋਂ ਥੋੜਾ ਪਿੱਛੇ ਮੌਜੂਦ ਸਨ ਤਾਂ ਪਿੰਡ ਢੋਲਣ ਵਾਲੇ ਪਾਸੇ ਤੋਂ ਡਰੇਨ ਦੇ ਨਾਲ ਨਾਲ ਇਕ ਮੋਟਰਸਾਈਕਲ ਬਿਨਾ ਨੰਬਰੀ ਹੀਰੋ ਹਾਂਡਾ ਰੰਗ ਕਾਲਾ 'ਤੇ ਸਵਾਰ ਤਿੰਨ ਮੋਨੇ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿੰਨਾਂ ਨੂੰ ਪੁਲਿਸ ਦੀ ਮਦਦ ਨਾਲ ਕਾਬੂ ਕਰਕੇ ਸ਼ੱਕ ਦੇ ਅਧਾਰ 'ਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 1 ਕਿੱਲੋ ਗ੍ਰਾਮ ਹੈਰੋਇਨ ਬਰਾਮਦ ਕੀਤੀ | ਫੜੇ ਗਏ ਨੌਜਵਾਨਾਂ ਦੀ ਪਛਾਣ ਸ਼ਰਨਜੀਤ ਸਿੰਘ ਸੰਨੂ ਪੁੱਤਰ ਪ੍ਰਤਾਪ ਸਿੰਘ, ਕਰਤਾਰ ਸਿੰਘ ਉਰਫ਼ ਜੋਸ਼ਨ ਪੁੱਤਰ ਕੁਲਦੀਪ ਸਿੰਘ ਵਾਸੀਆਨ ਠੱਠੀ ਜੈਮਲ ਸਿੰਘ ਅਤੇ ਜਸਬੀਰ ਸਿੰਘ ਉਰਫ਼ ਬੰਟੀ ਪੁੱਤਰ ਜੋਗਿੰਦਰ ਸਿੰਘ ਵਾਸੀ ਮਦਰ ਮਥਰਾ ਭਾਗੀ ਵਜੋਂ ਹੋਈ | ਉਪਰੋਕਤ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਵਲਟੋਹਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |