ਟਰੈਫ਼ਿਕ ਦੀ ਅਵਿਵਸਥਾ 'ਚ ਫਸਿਆ ਸ਼ਹਿਰ <br/>
ਅਜੀਤ ਡੈਸਕ
16-02-2026
ਪੱਟੀ, 15 ਫਰਵਰੀ ਸ਼ਹਿਰ ਪੱਟੀ ਵਿਚ ਟਰੈਫਿਕ ਦੀ ਸਮੱਸਿਆ ਦਿਨੋਂ ਦਿਨ ਵਿਕਰਾਲ ਰੂਪ ਧਾਰ ਰਹੀ ਹੈ | ਤੰਗ ਬਾਜ਼ਾਰਾਂ, ਬੇਤਰਤੀਬ ਪਾਰਕਿੰਗ ਅਤੇ ਵਾਹਨਾਂ ਦੀ ਬੇਕਾਬੂ ਵਾਧੇ ਨੇ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਨੂੰ ਠੱਪ ਕਰਕੇ ਰੱਖ ਦਿੱਤਾ ਹੈ | ਹੈਰਾਨੀਜਨਕ ਗੱਲ ਇਹ ਹੈ ਕਿ ਹਾਲਾਤਾਂ ਦੀ ਗੰਭੀਰਤਾ ਦੇ ਬਾਵਜੂਦ ਟਰੈਫਿਕ ਨਿਯਮਾਂ ਦੀ ਸਖ਼ਤ ਪਾਲਣਾ ਕਰਵਾਉਣ ਵਿੱਚ ਪੁਲਿਸ ਦੀ ਭੂਮਿਕਾ ਸਵਾਲਾਂ ਦੇ ਘੇਰੇ 'ਚ ਹੈ | ਸ਼ਹਿਰ ਦੇ ਮੁੱਖ ਚੌਂਕ, ਬਾਹਮਣੀ ਵਾਲਾ ਚੌਕ ਤੋਂ ਲੈ ਕੇ ਲਾਹੌਰ ਚੌਂਕ ਤੱਕ ਵੱਡੇ ਤੇ ਛੋਟੇ ਵਹੀਕਲਾਂ ਦੇ ਲੱਗਦੇ ਜਾਮ, ਕਚਹਿਰੀ ਰੋਡ ਫਾਟਕ, ਲਾਹੌਰ ਰੋਡ ਫਾਟਕ, ਬਾਜ਼ਾਰਾਂ ਅਤੇ ਸਿੱਖਿਆ ਸੰਸਥਾਵਾਂ ਦੇ ਆਲੇ-ਦੁਆਲੇ ਦਿਨ ਦੇ ਜ਼ਿਆਦਾਤਰ ਸਮੇਂ ਟਰੈਫਿਕ ਜਾਮ ਆਮ ਨਜ਼ਾਰਾ ਬਣ ਚੁੱਕਾ ਹੈ | ਸਵੇਰ ਤੇ ਸ਼ਾਮ ਦੇ ਪੀਕ ਸਮੇਂ ਦੌਰਾਨ ਸਕੂਲੀ ਬੱਚੇ, ਦਫ਼ਤਰੀ ਕਰਮਚਾਰੀ ਅਤੇ ਬਜ਼ੁਰਗ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ | ਕਈ ਵਾਰ ਐਂਬੂਲੈਂਸ ਅਤੇ ਫਾਇਰ ਬਿ੍ਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਵੀ ਜਾਮ ਵਿਚ ਫਸਣਾ ਪੈਂਦਾ ਹੈ, ਜੋ ਚਿੰਤਾ ਦਾ ਵਿਸ਼ਾ ਹੈ | ਸਥਾਨਕ ਸਹਿਰ ਦੇ ਕੁਝ ਵਪਾਰੀ ਵਰਗ ਦਾ ਕਹਿਣਾ ਹੈ ਕਿ ਗ਼ਲਤ ਪਾਰਕਿੰਗ ਅਤੇ ਅਸਥਾਈ ਰੇਹੜੀ-ਫੜੀ ਕਾਰਨ ਬਾਜ਼ਾਰਾਂ ਵਿਚ ਗਾਹਕਾਂ ਦੀ ਆਵਾਜਾਈ ਮੁਸ਼ਕਿਲ ਹੋ ਗਈ ਹੈ | ਦੂਜੇ ਪਾਸੇ ਸਹਿਰ ਨਿਵਾਸੀਆਂ ਦਾ ਦੋਸ਼ ਹੈ ਕਿ ਟਰੈਫਿਕ ਪੁਲਿਸ ਸਿਰਫ਼ ਕਦੇ-ਕਦੇ ਦਿਖਾਵਟੀ ਕਾਰਵਾਈ ਕਰਕੇ ਆਪਣੀ ਡਿਊਟੀ ਤੋਂ ਬੱਚਦੀ ਨਜ਼ਰ ਆਉਂਦੀ ਹੈ, ਜਦਕਿ ਸ਼ਹਿਰ 'ਚ ਟਰੈਫਿਕ ਜਾਮ ਕਰਨ ਵਾਲੇ ਅਸਲ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ | ਸ਼ਹਿਰ ਵਾਸੀਆਂ ਵਿਚ ਇਹ ਭਾਵਨਾ ਵੀ ਗਹਿਰੀ ਹੋ ਰਹੀ ਹੈ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਪੁਲਿਸ ਦਾ ਵਤੀਰਾ ਇਕ-ਪੱਖੀ ਹੈ | ਆਮ ਨਾਗਰਿਕਾਂ ਦੇ ਚਲਾਣ ਤਾਂ ਤੁਰੰਤ ਕੱਟੇ ਜਾਂਦੇ ਹਨ, ਪਰ ਪ੍ਰਭਾਵਸ਼ਾਲੀ ਲੋਕਾਂ ਅਤੇ ਗਲਤ ਥਾਵਾਂ 'ਤੇ ਵਾਹਨ ਖੜ੍ਹੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾਹ ਦੇ ਬਰਾਬਰ ਹੈ | ਇਸ ਕਾਰਨ ਨਿਯਮ ਤੋੜਨ ਵਾਲਿਆਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ | ਸ਼ਹਿਰ ਦੀ ਭਲਾਈ ਲਈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਰੈਫਿਕ ਪ੍ਰਬੰਧ ਲਈ ਠੋਸ ਯੋਜਨਾ ਤਿਆਰ ਕੀਤੀ ਜਾਵੇ, ਰੇਹੜੀ-ਫੜੀ ਵਾਲਿਆਂ, ਦੁਕਾਨਾਂ ਦੇ ਹਦੂਦ ਤੋਂ ਬਾਹਰ ਬਾਜ਼ਾਰ ਵਿਚ ਸਾਮਾਨ ਰੱਖਣ ਵਾਲਿਆਂ ਵਿਰੁੱਧ ਸਖ਼ਤੀ ਨਾਲ ਨਿਯਮ ਲਾਗੂ ਕੀਤੇ ਜਾਣ, ਸਥਾਈ ਪਾਰਕਿੰਗ ਸਥਾਨ ਬਣਾਏ ਜਾਣ ਅਤੇ ਟਰੈਫਿਕ ਪੁਲਿਸ ਨੂੰ ਮੈਦਾਨ ਵਿਚ ਸਰਗਰਮ ਤੇ ਨਿਰਪੱਖ ਬਣਾਇਆ ਜਾਵੇ | ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਸ਼ਹਿਰ ਪੱਟੀ ਵਿਚ ਟਰੈਫਿਕ ਦੀ ਸਮੱਸਿਆ ਹੋਰ ਵੀ ਭਿਆਨਕ ਰੂਪ ਧਾਰ ਸਕਦੀ ਹੈ |
ਕੀ ਕਹਿੰਦੇ ਹਨ ਇਸ ਸੰਬੰਧੀ ਥਾਣਾ ਸਿਟੀ ਦੇ ਮੁਖੀ
ਜਦ ਇਸ ਸੰਬੰਧੀ ਥਾਣਾ ਸਿਟੀ ਦੇ ਐਸ.ਐਚ.ਓ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਟਰੈਫਿਕ ਸੰਬੰਧੀ ਟਰੈਫਿਕ ਪੁਲਿਸ ਨੂੰ ਜਾਣੂੰ ਕਰਵਾ ਦਿੱਤਾ ਜਾਵੇਗਾ, ਪਰ ਆਪਣੀ ਜਿੰਮੇਵਾਰੀ ਸਮਝਣ ਦੀ ਲੋੜ ਮਹਿਸੂਸ ਨਹੀਂ ਕੀਤੀ |