ਜੰਡਿਆਲਾ ਗੁਰੂ, 15 ਫਰਵਰੀ (ਹਰਜਿੰਦਰ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਹੀ ਪੰਜਾਬ ਵਿਚ ਵਿਗੜੀ ਕਾਨੂੰਨ ਵਿਵਸਥਾ ਨੂੰ ਲੀਹੇ ਪਾ ਸਕਦੀ ਹੈ | ਇਹ ਪ੍ਰਗਟਾਵਾ ਭਾਜਪਾ ਅੰਮਿ੍ਤਸਰ ਦਿਹਾਤੀ ਦੇ ਜ਼ਿਲਾ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਕੀਤਾ | ਇਸ ਮੌਕੇ ਪਿੰਡ ਛੀਨਾ ਤੋਂ ਕਾਂਗਰਸੀ ਆਗੂ ਗੁਰਮੇਜ ਸਿੰਘ ਅਤੇ ਪਿੰਡ ਰਾਏਪੁਰ ਕਲਾਂ ਤੋਂ ਨੌਜਵਾਨ ਅਕਾਲੀ ਆਗੂ ਜਸਮੀਤ ਸਿੰਘ ਥਿੰਦ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਕਰਦਿਆਂ ਉਨਾਂ ਆਖਿਆ ਕਿ ਭਾਜਪਾ ਹਰ ਵਰਗ ਦੀ ਪਹਿਲੀ ਪਸੰਦ ਵਜੋਂ ਉਭਰ ਕੇ ਸਾਹਮਣੇ ਆਈ ਹੈ | ਹਰਦੀਪ ਸਿੰਘ ਗਿੱਲ ਨੇ ਸ਼ਾਮਿਲ ਹੋਣ ਵਾਲੇ ਆਗੂਆਂ ਨੂੰ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਿਲ ਕੀਤਾ ਅਤੇ ਹਰ ਤਰਾਂ ਦੇ ਮਾਣ ਸਨਮਾਨ ਦਾ ਭਰੋਸਾ ਦਵਾਇਆ | ਉਨਾਂ ਆਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਹੜਾਂ ਦੌਰਾਨ ਨੁਕਸਾਨ ਦੀ ਭਰਪਾਈ ਲਈ ਪੰਜਾਬ ਦੀ ਖੁੱਲੇ ਦਿਲ ਨਾਲ ਮਦਦ ਦਿੱਤੀ ਪਰ ਪੰਜਾਬ ਸਰਕਾਰ ਇਸ ਮਦਦ ਨੂੰ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚਾ ਸਕੀ | ਉਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਸਹੂਲਤਾਂ 'ਤੇ ਆਪਣੇ ਸਟੀਕਰ ਲਗਾ ਰਹੀ ਹੈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 10 ਲੱਖ ਬੀਮਾ ਯੋਜਨਾ ਪੂਰੀ ਤਰਾਂ ਫੇਲ੍ਹ ਸਾਬਤ ਹੋਵੇਗੀ ਕਿਉਂਕਿ ਯੋਜਨਾ ਦਾ ਬਜਟ ਪੰਜਾਬ ਸਰਕਾਰ ਪੂਰਾ ਨਹੀਂ ਕਰ ਸਕਦੀ | ਇਸ ਮੌਕੇ ਨੰਬਰਦਾਰ ਗੁਰਦਿਆਲ ਸਿੰਘ, ਸਰਕਲ ਮੀਤ ਪ੍ਰਧਾਨ ਸੁਰਜੀਤ ਸਿੰਘ ਰਾਏਪੁਰ, ਸੁਖਰਾਜ ਸਿੰਘ ਛੀਨਾ, ਕੁਲਵੰਤ ਸਿੰਘ ਵੀ ਹਾਜ਼ਰ ਸਨ |