ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)-ਇਕ ਤੇਜ਼ ਰਫ਼ਤਾਰ ਸਕਾਰਪੀਓ ਚਾਲਕ ਵਲੋਂ ਲੇਬਰ ਲੈ ਕੇ ਜਾ ਰਹੇ ਛੋਟੇ ਹਾਥੀ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਕਰੀਬ 7-8 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਦਕਿ ਇਕ ਔਰਤ ਦੀ ਮੌਕੇ 'ਤੇ ਹੀ ਗੰਭੀਰ ਸੱਟਾਂ ਹੋਣ ਕਾਰਨ ਮੌਤ ਹੋ ਗਈ | ਇਸ ਮਾਮਲੇ ਵਿਚ ਥਾਣਾ ਗੋਇੰਦਵਾਲ ਪੁਲਿਸ ਨੇ ਸਕਾਰਪੀਓ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਗੋਇੰਦਵਾਲ ਵਿਖੇ ਵਰਿੰਦਰ ਕੁਮਾਰ ਪੁੱਤਰ ਗੁਰਮੇਜ ਸਿੰਘ ਵਾਸੀ ਚੰਬਾ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਛੋਟੇ ਹਾਥੀ ਗੱਡੀ 'ਤੇ ਮਟਰ ਤੋੜਨ ਵਾਲੀ ਲੇਬਰ ਲੈ ਕੇ ਪਿੰਡ ਚੰਬਾ ਕਲਾਂ, ਨੱਥੂਪੁਰ ਆਦਿ ਪਿੰਡਾਂ ਤੋਂ ਲੈ ਕੇ ਜਾਂਦਾ ਹੈ ਤਾਂ ਰੋਜਾਨਾਂ ਦੀ ਤਰ੍ਹਾਂ ਉਹ ਪਿੰਡ ਫਤਿਆਬਾਦ ਤੋਂ ਲੇਬਰ ਲੈ ਕੇ ਵਾਪਿਸ ਜਾ ਰਿਹਾ ਸੀ | ਜਦ ਉਹ ਡੇਹਰਾ ਸਾਹਿਬ ਨਜ਼ਦੀਕ ਪੁੱਜੇ ਤਾਂ ਪਿੱਛੇ ਤੋਂ ਤੇਜ ਰਫ਼ਤਾਰ ਆ ਰਹੀ ਸਕਾਰਪੀਓ ਗੱਡੀ ਨੰਬਰੀ ਪੀ.ਬੀ 46 ਵਾਈ 7000 ਨੇ ਉਸ ਦੇ ਛੋਟੇ ਹਾਥੀ ਗੱਡੀ ਵਿਚ ਮਾਰੀ, ਜਿਸ ਨਾਲ ਉਸਦਾ ਛੋਟਾ ਹਾਥੀ ਗੱਡੀ ਸੜਕ ਵਿਚ ਹੀ ਪੱਲਟ ਗਿਆ ਜਿਸ ਨਾਲ 7/8 ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆ ਜਿੰਨਾਂ ਨੂੰ ਸਰਕਾਰੀ ਹਸਪਤਾਲ ਸਰਹਾਲੀ ਦਾਖਲ ਕਰਵਾਇਆ ਗਿਆ ਜਦਕਿ ਮਨਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਨੱਥੁਪੁਰ ਦੀ ਮੌਤ ਹੋ ਗਈ | ਜਾਂਚ ਅਧਿਕਾਰੀ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਸਕਾਰਪੀਓ ਚਾਲਕ ਤੇਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖਾਰਾ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |