ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)-ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਇਕ ਨੌਜਵਾਨ ਨੂੰ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੌਕ 'ਤੇ ਡਰਾ ਕੇ ਉਸ ਪਾਸੋਂ ਲੁੱਟ-ਖੋਹ ਕਰਕੇ ਫ਼ਰਾਰ ਹੋਣ ਦੇ ਮਾਮਲੇ 'ਚ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਕਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਦਿਆਲਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਘਰ ਤੋਂੋ ਆਪਣੇ ਮੋਟਰਸਾਈਕਲ ਨੰਬਰ ਪੀ.ਬੀ- 46-ਏ.ਡੀ-5375 'ਤੇ ਸਵਾਰ ਹੋ ਕੇ ਆਪਣੇ ਟਰੈਕਟਰ ਦਾ ਸਾਮਾਨ ਖਰੀਦਣ ਲਈ ਅੰਮਿ੍ਤਸਰ ਨੂੰ ਜਾਂਦਾ ਪਿਆ ਸੀ ਤਾਂ ਪਿੰਡ ਪਲਾਸੌਰ ਤੋਂ ਥੋੜਾ ਅੱਗੇ ਤੇ ਜਮਸਤਪੁਰ ਦੀ ਸੜਕ ਤੋਂ ਪਿੱਛੇ ਪੁੱਜਾ ਤਾਂ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ਬਿਨਾਂ ਨੰਬਰਾ 'ਤੇ ਸਵਾਰ ਹੋ ਕੇ ਸਾਹਮਣੇ ਤੋੋਂ ਆਏ ਜਿਨ੍ਹਾਂ ਨੇ ਮੇਰੇ ਮੋਟਰਸਾਈਕਲ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਮੈਨੂੰ ਰੋਕ ਲਿਆ ਅਤੇ ਤਿੰਨੇ ਨੌਜਵਾਨ ਜਿੰਨ੍ਹਾਂ ਵਿਚੋ ਦੋ ਦੇ ਹੱਥ 'ਚ ਪਿਸਤੌਲ ਤੇ ਤੀਸਰੇ ਨੌਜਵਾਨ ਦੇ ਹੱਥ 'ਚ ਦਾਤਰ ਸੀ, ਮੋਟਰਸਾਈਕਲ ਤੋਂ ਉੱਤਰ ਕੇ ਮੇਰੇ ਵੱਲ ਆ ਗਏ ਅਤੇ ਮੈਨੂੰ ਮੋਟਰਸਾਈਕਲ ਤੋਂ ਉਤਾਰ ਲਿਆ, ਦਾਤਰ ਵਾਲੇ ਅਣਪਛਾਤੇ ਨੌਜਵਾਨ ਨੇ ਮੈਨੂੰ ਦਾਤਰ ਦਾ ਡਰਾਵਾ ਦਿੱਤਾ ਅਤੇ ਦੂਸਰੇ ਨੌਜਵਾਨ ਨੇ ਮੇਰੀ ਕੰਨ ਪੱਟੀ 'ਤੇ ਪਿਸਤੌਲ ਰੱਖ ਦਿੱਤਾ ਤੇ ਤੀਸਰੇ ਨੌਜਵਾਨ ਨੇ ਮੇਰੀਆਂ ਬਾਂਹਾ ਪਿੱਛੇ ਕਰਕੇ ਫੜ ਲਈਆਂ ਅਤੇ ਦਾਤਰ ਵਾਲੇ ਨੌਜਵਾਨ ਨੇ ਮੇਰੀ ਪਹਿਨੀ ਜੈਕਟ ਦੀ ਜੇਬ 'ਚੋਂ ਜਬਰਦਸਤੀ ਇਕ ਮੋਬਾਇਲ ਫੋਨ, 32 ਹਜ਼ਾਰ ਰੁਪਏ ਕੱਢ ਲਏ ਤੇ ਜਾਂਦੇ ਸਮੇ ਮੇਰਾ ਮੋਟਰਸਾਈਕਲ ਵੀ ਜਬਰਦਸਤੀ ਖੋਹ ਕੇ ਆਪਣੇ ਨਾਲ ਲੈ ਗਏ | ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |