ਹਰੀਕੇ ਪੱਤਣ, 17 ਫਰਵਰੀ (ਸੰਜੀਵ ਕੁੰਦਰਾ)- ਕਿ੍ਸ਼ੀ ਵਿਗਿਆਨ ਕੇਂਦਰ ਬੂਹ ਤਰਨ ਤਾਰਨ ਵਲੋਂ ਪਿੰਡ ਹਰੀਕੇ ਵਿਖੇ ਖਜਾਨ ਸਿੰਘ ਦੇ ਫਾਰਮ ਤੇ ਖੇਤ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਡਾ. ਪ੍ਰਭਜੀਤ ਸਿੰਘ, ਡਿਪਟੀ ਡਾਇਰੈਕਟਰ ਕੇ.ਵੀ.ਕੇ ਬੂਹ ਨੇ ਦੱਸਿਆ ਕਿ ਇਸ ਸਾਲ ਸਾਡੇ ਵਲੋਂ ਇਹ ਪਿੰਡ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਗੋਦ ਲਿਆ ਗਿਆ ਸੀ ਅਤੇ ਪਿੰਡ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਵੱਖ-ਵੱਖ ਤਰੀਕਿਆਂ ਨਾਲ ਕਣਕ ਦੀ ਬਿਜਾਈ ਕੀਤੀ ਸੀ | ਉਨ੍ਹਾਂ ਕਿਹਾ ਕਿ ਅੱਜ ਸਾਡੇ ਵਲੋਂ ਕਣਕ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਵੱਖ-ਵੱਖ ਤਰੀਕਿਆਂ ਨਾਲ ਬੀਜੀ ਹੋਈ ਕਣਕ ਬਹੁਤ ਵਧੀਆ ਖੇਤਾਂ ਵਿਚ ਖੜੀ ਹੈ ਅਤੇ ਜਿਨ੍ਹਾਂ ਖੇਤਾਂ ਵਿਚ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਗਈ ਹੈ, ਉੱਥੇ ਨਦੀਨਾਂ ਦੀ ਸਮੱਸਿਆ ਵੀ ਬਹੁਤ ਘਾਟ ਹੈ | ਡਾ. ਪ੍ਰਭਜੀਤ ਸਿੰਘ ਨੇ ਕਿਹਾ ਕਿ ਪਿੰਡ ਹਰੀਕ ਦੇ ਕਿਸਾਨਾਂ ਨੇ ਕਿ੍ਸ਼ੀ ਵਿਗਿਆਨ ਕੇਂਦਰ ਨਾਲ ਮਿਲ ਕੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਵਿਚ ਬਹੁਤ ਵਧੀਆ ਉਪਰਾਲਾ ਕੀਤਾ ਹੈ | ਡਾ. ਸਾਹਿਲ ਨੇ ਭਾਰਤ ਵਿਸਤਾਰ ਪੋਗਰਾਮ ਵਿਚ ਏ.ਆਈ. ਸਹਿਤ ਐਗਰੀਕਲਚਰ ਸਕੀਮ ਬਾਰੇ ਦੱਸਿਆ | ਇਸ ਮੌਕੇ ਡਾ.ਨਵਜੋਤ ਸਿੰਘ ਬਰਾੜ ਨੇ ਕਿਸਾਨ ਵੀਰਾਂ ਨੂੰ ਕਣਕ ਨੂੰ ਵਧ ਰਹੇ ਤਾਪਮਾਨ, ਬਿਮਾਰੀਆਂ ਅਤੇ ਕਿੜਿਆਂ ਤੋ ਬਚਾਉਣ ਸਬੰਧੀ ਜਾਣਕਾਰੀ ਸਾਂਝੀ ਕੀਤੀ | ਡਾ. ਪ੍ਰਭਜਿੰਦਰ ਸਿੰਘ ਮਾਨ ਨੇੇ ਪਰਾਲੀ ਨੂੰ ਯੂਰੀਏ ਅਤੇ ਸੀਰੇ ਨਾਲ ਸੋਧ ਕੇ ਪਸ਼ੂ ਚਾਰੇ ਵਿਚ ਸੁਚੱਜੀ ਵਰਤੋਂ ਸਬੰਧੀ ਜਾਗਰੂਕ ਕੀਤਾ |