ਤਰਨ ਤਾਰਨ, 17 ਫਰਵਰੀ (ਇਕਬਾਲ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਹੋਰ ਨਾ ਮੁੱਦਿਆਂ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਵਿਕਾਸ ਬੈਂਕ ਨੂੰ ਬੰਦ ਕਰਨ ਦੀ ਤਿਆਰੀ ਦੇ ਵਿਰੋਧ ਵਿਚ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ | ਸੂਬਾ ਕਮੇਟੀ ਮੈਂਬਰ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਇਕ ਅਜਿਹਾ ਅਦਾਰਾ ਜੋ ਕਿ ਕਿਸਾਨਾਂ ਨੂੰ ਸਸਤੇ ਵਿਆਜ ਦਰਾਂ 'ਤੇ ਕਰਜ਼ਾ ਦਿੰਦਾ ਹੈ ਅਤੇ ਕਰਜ਼ਾ ਦੇਣ ਸਮੇਂ ਕਿਸਾਨਾਂ ਦੀ ਸਿਬਲ ਵੀ ਚੈੱਕ ਨਹੀਂ ਕਰਦਾ ਲੰਮੇ ਸਮੇਂ ਤੋਂ ਛੋਟੇ ਵੱਡੇ ਲੱਖਾਂ ਕਿਸਾਨਾਂ ਇਸ ਬੈਂਕ ਨਾਲ ਜੁੜੇ ਹਨ ਅਤੇ ਘੱਟ ਵਿਆਜ ਤੇ ਆਸਾਨ ਕਿਸਤਾਂ 'ਚ ਵਾਪਸ ਕਰਨ ਯੋਗ ਕਰਜ਼ੇੇ ਮੁਹੱਈਆ ਕਰਾਉਂਦਾ ਹੈ | ਇਸ ਦੇ ਉਲਟ ਖੇਤੀਬਾੜੀ ਬਾਜ਼ਾਰ 'ਚ ਪ੍ਰਾਈਵੇਟ ਬੈਂਕ ਕਿਸਾਨ ਦੀ ਜ਼ਮੀਨ ਰਹਿਨਾਮਾ ਕਰਕੇ ਭਾਰੀ ਵਿਆਜ ਦਰਾਂ 'ਤੇ ਕਰਜ਼ਾ ਦੇ ਕੇ ਕਿਸਾਨ ਦੀ ਪੂਰੀ ਛਿੱਲ ਲਾਉਂਦੇ ਹਨ ਤੇ ਜੇਕਰ ਕਿਸਾਨ ਕੋਲੋਂ ਸਮੇਂ ਸਿਰ ਕਰਜ਼ਾ ਵਾਪਸ ਨਹੀਂ ਕੀਤਾ ਜਾਂਦਾ ਤਾਂ ਜਮੀਨ ਦੀ ਕੁਰਕੀ ਜਾਂ ਨਿਲਾਮੀ ਵੀ ਕੀਤੀ ਜਾਂਦੀ ਹੈ | ਇਹੋ ਜਿਹੇ ਦੌਰ ਵਿਚ ਕਿਸਾਨ ਪੱਖੀ ਬੈਂਕ ਦਾ ਬਾਜ਼ਾਰ 'ਚ ਸਥਿਰ ਰਹਿਣਾ ਬਹੁਤ ਜ਼ਰੂਰੀ ਹੈ | ਸੰਨ 2021 ਦਸੰਬਰ ਮਹੀਨੇ 'ਚ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਲੱਗੀ ਸੀ, ਜਿਸ 'ਚ ਇਸ ਬੈਂਕ ਨੂੰ ਸਹਾਇਤਾ ਵਜੋਂ 2300 ਕਰੋੜ ਦੀ ਰਾਹਤ ਜਾਰੀ ਕਰਵਾਈ ਸੀ | ਭਗਵੰਤ ਮਾਨ ਦੀ ਸਰਕਾਰ ਬਣਨ 'ਤੇ ਇਹ ਫਿਰ 800 ਕਰੋੜ ਰੁਪਏ ਕਰ ਦਿੱਤੀ ਗਈ ਸੀ | ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਕਿਸਾਨ ਪੱਖੀ ਬੈਂਕ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸੂਬਾ ਪੱਧਰੀ ਸੰਘਰਸ਼ ਵਿੱਡਿਆ ਜਾਵੇਗਾ |