ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)- ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਸਰਪ੍ਰਸਤੀ ਹੇਠ ਜਿੱਥੇ ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਲਈ ਕਈ ਸਕੂਲ ਅਤੇ ਕਾਲਜ ਚੱਲ ਰਹੇ ਹਨ, ਉਥੇ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਸੰਪਰਦਾਇ ਕਾਰ ਸੇਵਾ ਦੇ ਹੈਡ ਕੁਆਰਟਰ ਡੇਰਾ ਤਪੋਬਨ ਸਾਹਿਬ ਸਾਹਿਬ (ਨਵਾਂ ਪੜਾਅ) ਦੇ ਨਜ਼ਦੀਕ ਸਾਲ 2024 ਵਿਚ ਸੰਤ ਬਾਬਾ ਤਾਰਾ ਸਿੰਘ ਜੀ ਸਪੋਰਟਸ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਸੀ, ਜਿੱਥੇ ਇਸ ਸਮੇਂ 40 ਵਿਦਿਆਰਥੀ ਪੜ੍ਹਾਈ, ਰਿਹਾਇਸ਼ ਤੇ ਖਾਣੇ ਦੇ ਨਾਲ ਨਾਲ ਮੁਫਤ ਖੇਡ ਸਿੱਖਿਆ ਪ੍ਰਾਪਤ ਕਰ ਰਹੇ ਹਨ | ਅੱਜ ਇਸ ਅਕੈਡਮੀ ਵਿਚ ਲੋੜੀਂਦੀਆਂ ਸਹੂਲਤਾਂ ਵਿਚ ਵਾਧਾ ਕਰਦਿਆਂ ਖੇਡ ਮੈਦਾਨ ਦੀ ਸਾਂਭ ਸੰਭਾਲ ਹਿਤ ਪਾਣੀ ਦੇ ਫੁਹਾਰੇ ਲਗਵਾਏ ਗਏ, ਇਕ ਨਵਾਂ ਸ਼ੈਡ, ਅਤੇ ਖੇਡ ਪ੍ਰਚਮ ਲਹਿਰਾਉਣ ਲਈ ਥੜਾ ਤਿਆਰ ਕਰਵਾਇਆ ਗਿਆ ਹੈ | ਅੱਜ ਇਨਾਂ ਨਵੀਆਂ ਖੇਡ ਸਹੂਲਤਾਂ ਦਾ ਉਦਘਾਟਨ ਸੰਤ ਬਾਬਾ ਸੁੱਖਾ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ਡਾ. ਜਸਬੀਰ ਸਿੰਘ ਪਿ੍ੰਸੀਪਲ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮਹਾਂਪੁਰਖਾਂ ਦੇ ਅਸ਼ੀਰਵਾਦ ਨਾਲ ਸੰਤ ਬਾਬਾ ਤਾਰਾ ਸਿੰਘ ਸਪੋਰਟਸ ਅਕੈਡਮੀ ਦਿਨੋੋਂ ਦਿਨ ਕਰਦੀ ਜਾ ਰਹੀ ਹੈ | ਨਵੀਂ ਪੀੜੀ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਬਾਬਾ ਜੀ ਦੀ ਇਸ ਦੀਰਘ ਦਿ੍ਸ਼ਟੀ ਵਾਲੀ ਸੋਚ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ | ਸਾਰੇ ਵਿਦਿਆਰਥੀ ਖਿਡਾਰੀ ਬਹੁਤ ਲਗਨ ਤੇ ਮਿਹਨਤ ਨਾਲ ਅਕੈਡਮੀ ਦਾ ਨਾਮ ਰੋਸ਼ਨ ਕਰ ਰਹੇ ਹਨ | ਭਵਿੱਖ ਵਿਚ ਜਲਦੀ ਹੀ ਇਸ ਅਕੈਡਮੀ ਦਾ ਨਾਮ ਪੂਰੀ ਦੁਨੀਆ ਵਿਚ ਚਮਕਦਾ ਹੋਇਆ ਅਸੀਂ ਸਭ ਵੇਖਾਂਗੇ | ਆਉਣ ਵਾਲੇ ਕੁਝ ਦਿਨਾਂ ਅੰਦਰ ਮਹਾਂਪੁਰਖਾਂ ਦੇ ਅਸ਼ੀਰਵਾਦ ਨਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ | ਅੱਜ ਇਨ੍ਹਾਂ ਨਵੀਆਂ ਖੇਡ ਸਹੂਲਤਾਂ ਦੇ ਉਦਘਾਟਨ ਸਮੇਂ ਮਹਾਂਪੁਰਖਾਂ ਨੇ ਆਸ਼ੀਰਵਾਦ ਬਖਸ਼ਿਆ ਹੈ | ਅਸੀਂ ਸਾਰੇ ਸੰਤ ਬਾਬਾ ਸੁੱਖਾ ਸਿੰਘ ਅਤੇ ਉਨਾਂ ਦੇ ਨਾਲ ਆਏ ਪਤਵੰਤੇ ਸੱਜਣਾਂ ਦਾ ਸਪੋਰਟਸ ਅਕੈਡਮੀ ਦੇ ਵਿਹੜੇ ਵਿਚ ਨਿੱਘਾ ਸਵਾਗਤ ਕਰਦੇ ਹਾਂ | ਇਸ ਮੌਕੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੇ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਹਰਜਿੰਦਰ ਸਿੰਘ ਬਿੱਲਿਆਂਵਾਲਾ, ਸੰਗਤ ਵਿਚ ਕੁਲਦੀਪ ਸਿੰਘ ਪੰਚਮ ਫਿਲਿੰਗ ਸਟੇਸ਼ਨ, ਨਰਿੰਦਰ ਕੌਰ, ਬਲਜਿੰਦਰ ਸਿੰਘ ਫੀਲੋ, ਗੁਰਲਾਲ ਸਿੰਘ, ਰਣਜੀਤ ਸਿੰਘ ਨੰਬਰਦਾਰ ਚੋਹਲਾ ਸਾਹਿਬ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸੁੱਖਾ ਅਤੇ ਇਲਾਕੇ ਦੇ ਹੋਰ ਕਈ ਪਤਵੰਤੇ ਹਾਜ਼ਰ ਸਨ |