ਪੱਟੀ, 28 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਰਸੂਲਪੁਰ ਰਾਜਭਾਗ ਨਹਿਰ ਜੋ ਲਗਭਪਗ 1984 ਦੇ ਕਰੀਬ ਕੱਚੀ ਤੋਂ ਪੱਕੀ ਇੱਟਾਂ ਨਾਲ ਬਣਾਈ ਗਈ ਸੀ, ਹੁਣ ਕਰੀਬ 40 ਸਾਲਾਂ ਬਾਅਦ ਇਸ ਨੂੰ ਚੌੜਾ ਕਰਕੇ ਕੰਕਰੀਟ ਨਾਲ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਇਹ ਨਹਿਰ ਉਨ੍ਹਾਂ ਦੀ ਮਾਲਕੀ ਵਾਲੀਆਂ ਜ਼ਮੀਨਾਂ 'ਚੋਂ ਲੰਘਦੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਨਹਿਰ ਦੀ ਆਪਣੀ ਸਰਕਾਰੀ ਜਗ੍ਹਾ ਦੂਜੇ ਪਾਸੇ ਤਕਰੀਬਨ 80 ਫੁੱਟ ਖਾਲੀ ਪਈ ਹੈ, ਪਰ ਨਹਿਰ ਵਿਭਾਗ ਵਲੋਂ ਉਸ ਸਹੀ ਜਗ੍ਹਾ 'ਤੇ ਨਹਿਰ ਦੀ ਉਸਾਰੀ ਕਰਨ ਦੀ ਬਜਾਏ ਉਨ੍ਹਾਂ ਦੀ ਮਾਲਕੀ ਜ਼ਮੀਨ ਵਿਚ ਹੀ ਨਹਿਰ ਬਣਾਈ ਜਾ ਰਹੀ ਹੈ | ਕਿਸਾਨਾਂ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਉਹ ਅਦਾਲਤ 'ਚ ਕੇਸ ਵੀ ਕਰ ਚੁੱਕੇ ਹਨ ਅਤੇ ਨਹਿਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਿੱਜੀ ਤੌਰ 'ਤੇ ਮਿਲ ਕੇ ਆਪਣੀ ਗੱਲ ਰੱਖ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨਹਿਰ ਵਿਭਾਗ ਦੀ ਆਪਣੀ ਖਾਲੀ ਪਈ ਜਗ੍ਹਾ 'ਚ ਹੀ ਨਵੀਂ ਨਹਿਰ ਬਣਾਈ ਜਾਵੇ ਅਤੇ ਕਿਸਾਨਾਂ ਦੇ ਮਾਲਕੀ ਹੱਕਾਂ ਦੀ ਰੱਖਿਆ ਕੀਤੀ ਜਾਵੇ | ਇਸ ਮੌਕੇ ਕਿਸਾਨ ਸੁਰਿੰਦਰ ਸਿੰਘ, ਸੰਦੀਪ ਸਿੰਘ, ਮਨਜੀਤ ਸਿੰਘ, ਜਗਜੀਤ ਸਿੰਘ, ਮਨਦੀਪ ਸਿੰਘ, ਮਨਜਿੰਦਰ ਸਿੰਘ, ਮਹਿੰਦਰ ਸਿੰਘ, ਅਮਨਦੀਪ ਸਿੰਘ, ਰਣਬੀਰ ਸਿੰਘ, ਗੁਰਦੇਵ ਸਿੰਘ, ਕੁਲਬੀਰ ਸਿੰਘ ਆਦਿ ਨੇ ਕਿਹਾ ਕਿ ਜੇਕਰ ਨਹਿਰ ਭਾਗ ਨੇ ਸਾਡੀ ਮਾਲਕੀ ਜ਼ਮੀਨ ਵਿਚ ਨਹਿਰ ਬਣਾਉਣੀ ਬੰਦ ਨਾ ਕੀਤੀ ਤਾਂ ਅਸੀਂ ਇਸ ਸਬੰਧੀ ਸੰਘਰਸ਼ ਵਿੱਢਾਂਗੇ |