08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਫਤਿਆਬਾਦ ਕਸਬੇ ਵਿਚ ਕਈ ਥਾਵਾਂ 'ਤੇ ਨਾਜਾਇਜ਼ ਕਬਜਿਆਂ ਦੀ ਭਰਮਾਰ

ਅਜੀਤ ਡੈਸਕ 11-05-2026
ਫਤਿਆਬਾਦ, 10 ਮਈ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਅਜਾਦੀ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ | ਫਤਿਆਬਾਦ ਵਿਖੇ ਇਕ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਨਾਂਅ 'ਤੇ ਸਰਕਾਰੀ ਹਸਪਤਾਲ ਹੈ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਹੱਲਾ ਕਲੀਨਿਕ ਦਾ ਨਾਂਅ ਦੇ ਕੇ ਇਥੇ ਇਕ ਮੈਡੀਕਲ ਅਫਸਰ ਤਲਵਿੰਦਰ ਸਿੰਘ ਲਾਲਪੁਰ ਅਤੇ ਇਕ ਫਾਰਮਸਿਸਟ ਪ੍ਰਦੀਪ ਸਿੰਘ ਧੂੰਦਾ ਤੋਂ ਇਲਾਵਾ ਸਟਾਫ਼ ਨਰਸਾਂ ਅਤੇ ਆਸ਼ਾ ਵਰਕਰਾਂ ਇਥੇ ਤਾਇਨਾਤ ਹਨ, ਜੋ ਤਨਦੇਹੀ ਨਾਲ ਆਪਣੀ ਡਿਊਟੀ ਨੂੰ ਨਿਭਾ ਰਹੇ ਹਨ, ਪਰ ਇਸ ਹਸਪਤਾਲ ਦੀ ਤਰਾਸਦੀ ਇਹ ਹੈ ਕਿ ਇਸ ਦਾ ਕੁਲ ਰਕਬਾ ਤਕਰੀਬਨ 10-11 ਕਨਾਲ ਹੈ, ਜਿਸ ਵਿਚ ਲੋਕਾਂ ਵਲੋਂ ਨਾਜਾਇਜ਼ ਕਬਜੇ ਕੀਤੇ ਹੋਏ ਹਨ | ਇਸ ਵਿਚ 85 ਲੱਖ ਦੀ ਲਾਗਤ ਨਾਲ ਨਵੀਂ ਇਮਾਰਤ, ਜੋ ਕਿ ਅਕਾਲੀ ਸਰਕਾਰ ਵੇਲੇ ਦੇ ਕੈਬਨਿਟ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ 16 ਸਾਲ ਪਹਿਲਾਂ ਦਿੱਤੀ ਗ੍ਰਾਂਟ ਨਾਲ ਬਣਾਈ ਗਈ ਹੈ, ਪਰ ਹਸਪਤਾਲ ਦੀ ਪੁਰਾਣੀ ਇਮਾਰਤ ਵਿਚ ਚਾਰ ਪੰਜ ਫੁੱਟ ਬੂਟੀ ਉਗੀ ਹੈ, ਜਿਸ ਵਿਚ ਸੱਪਾਂ ਦਾ ਰੈਣ ਬਸੇਰਾ ਬਣਿਆ ਹੋਇਆ ਹੈ | ਜੇਕਰ ਉਸ ਇਮਾਰਤ ਨੂੰ ਢਾਹ ਕੇ ਉਸ ਵਿਚੋਂ ਇੱਟਾਂ ਹੀ ਕੱਢ ਲਈਆਂ ਜਾਣ ਅਤੇ ਉਸ ਜਗ੍ਹਾ ਦੀ ਸਫ਼ਾਈ ਕਰਵਾ ਕੇ ਬੂਟੀ ਨੂੰ ਅੱਗ ਲਾ ਕੇ ਵਧੀਆ ਜਗ੍ਹਾ ਬਣ ਸਕਦੀ ਹੈ | ਹਸਪਤਾਲ ਦੀ ਜਗ੍ਹਾ ਵਿਚ ਲੋਕਾਂ ਵਲੋਂ ਨਾਜਾਇਜ਼ ਕਬਜੇ ਤਹਿਤ ਕੁਝ ਲੋਕਾਂ ਵਲੋਂ ਲੱਕੜਾਂ ਦੇ ਟਾਲ ਲਗਾਏ ਗਏ ਹਨ ਅਤੇ ਕਿਸੇ ਵਲੋਂ ਇਕ ਮੰਦਰ ਨੁਮਾ ਜਗ੍ਹਾ ਬਣਾ ਕੇ ਕਬਜਾ ਕੀਤਾ ਹੋਇਆ ਹੈ ਅਤੇ ਪੱਠੇ ਕੁਤਰਨ ਵਾਲਾ ਟੋਕਾ ਵੀ ਲਗਾਇਆ ਹੋਇਆ ਹੈ | ਇਸ ਬਾਰੇ ਜਦੋਂ ਸਰਪੰਚ ਜਗਵਿੰਦਰ ਸਿੰਘ ਫਤਿਆਬਾਦ ਨੂੰ ਨਾਜਾਇਜ਼ ਕਬਜਿਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਹਸਪਤਾਲ ਦੀ ਜਗ੍ਹਾ 'ਤੇ ਕੀਤੇ ਨਾਜਾਇਜ਼ ਕਬਜੇ ਹਟਾਉਣ ਲਈ ਅਸੀਂ ਛੱਪੜ ਦੀ ਖਲਾਈ ਕਰਕੇ ਇਸ ਜਗ੍ਹਾ 'ਤੇ ਛੱਪੜ ਦੀ ਗਾਰ ਦੀਆਂ ਟਰਾਲੀਆਂ ਇਥੇ ਸੁੱਟਣੀਆਂ ਸ਼ੁਰੂ ਕੀਤੀਆਂ, ਪਰ ਕੁਝ ਲੋਕਾਂ ਦੇ ਇਤਰਾਜ ਕਰਨ 'ਤੇ ਅਸੀਂ ਇਥੋਂ ਬੰਦ ਕਰਕੇ ਗਾਰ ਹੋਰ ਜਗ੍ਹਾ 'ਤੇ ਸੁੱਟ ਦਿੱਤੀ, ਜਿਸ ਕਰਕੇ ਕਬਜੇ ਹਟਾਉਣ ਦਾ ਕੰਮ ਅਧੂਰਾ ਹੀ ਰਹਿ ਗਿਆ | ਫਤਿਆਬਾਦ ਵਿਚ ਇਸ ਤੋਂ ਇਲਾਵਾ ਖਵਾਸਪੁਰ ਚੌਂਕ ਵਿਚ ਲੋਕਾਂ ਨੇ ਪੰਚਾਇਤੀ ਥਾਂ ਵਿਚ ਕਬਜੇ ਕੀਤੇ ਹੋਏ ਹਨ | ਇਸ ਬਾਰੇ ਗੱਲਬਾਤ ਕਰਦਿਆਂ ਹੀਰਾ ਸਿੰਘ ਦੋਧੀ, ਲਖਬੀਰ ਸਿੰਘ ਨਿਹੰਗ ਨੇ ਕੁਲਦੀਪ ਸਿੰਘ ਮਾਣਕ ਸਮੇਤ ਦੱਸਿਆ ਕਿ ਮੇਰੀ ਚੌਂਕ ਖਵਾਸਪੁਰ ਵਿਖੇ ਟਰੰਕ-ਪੇਟੀਆਂ ਦੀ ਦੁਕਾਨ ਹੈ | ਅਸੀਂ ਇਥੇ ਕੂੜਾ ਸੁੱਟਣ ਵਾਲਿਆਂ ਨਾਲ ਕਈ ਵਾਰ ਝਗੜਾ ਕਰ ਚੁੱਕੇ ਹਾਂ, ਪਰ ਲੋਕ ਘਰਾਂ ਦਾ ਕੂੜਾ ਕਰਕਟ ਦੇਰ ਸਵੇਰ ਸੁੱਟ ਜਾਦੇ ਹਨ | ਇਸ ਮੌਕੇ 'ਤੇ ਫਤਿਆਬਾਦ ਦੇ ਸੀਨੀ. ਅਕਾਲੀ ਆਗੂ ਗੁਰਭੇਜ ਸਿੰਘ ਭੇਜੀ ਨੇ ਕਿਸਾਨ ਆਗੂ ਜਸਵਿੰਦਰ ਸਿੰਘ ਜੱਸ ਅਤੇ ਅਵਤਾਰ ਸਿੰਘ ਭੰਗੂ ਸਮੇਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਜਗ੍ਹਾ 'ਤੇ ਆਲੇ-ਦੁਆਲੇ ਦੇ ਲੋਕਾਂ ਨੇ ਸਰਪੰਚ ਜਗਵਿੰਦਰ ਸਿੰਘ ਨਾਲ ਗੱਲ ਕਰਕੇ ਇਥੇ ਬੱਸ ਸਟੈਂਡ ਬਣਾ ਕੇ ਲੋਕਾਂ ਦੀ ਬੱਸ ਸਟੈਂਡ ਬਾਰੇ ਮੁਸ਼ਕਿਲ ਦਾ ਹੱਲ ਵੀ ਕੀਤਾ ਜਾ ਸਕਦਾ ਹੈ, ਪਰ ਇਸ ਵਿਚ ਕੋਈ ਸਿਆਸੀ ਅੜਿਕਾ ਆਉਣ ਕਰਕੇ ਗੱਲਬਾਤ ਠੰਡੇ ਬਸਤੇ ਵਿਚ ਪੈ ਗਈ | ਇਸ ਵਕਤ ਵੀ ਆਮ ਜਨਤਾ ਦੀ ਅਤੇ ਉਪਰੋਕਤ ਆਗੂਆਂ, ਆਸ-ਪਾਸ ਦੇ ਦੁਕਾਨਦਾਰਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਹਸਪਤਾਲ ਦੀ ਜਗ੍ਹਾ ਤੋਂ ਕਬਜੇ ਹਟਾਏ ਜਾਣ ਅਤੇ ਪੰਚਾਇਤ ਨੂੰ ਅਪੀਲ ਕੀਤੀ ਕਿ ਚੌਂਕ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਇਥੇ ਬੱਸ ਸਟੈਂਡ ਬਣਾ ਕੇ ਲੋਕਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕੀਤਾ ਜਾ ਸਕੇ |
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਪੜਾਉ ਫਤਿਆਬਾਦ ਵਿਖੇ ਚੌਪਿਹਰਾ ਸਮਾਗਮ 'ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਕੀਤੀ ਸ਼ਿਰਕਤ <br/> ਅਗਲੀ ਖ਼ਬਰ ਫਤਿਆਬਾਦ ਕਸਬੇ ਵਿਚ ਕਈ ਥਾਵਾਂ 'ਤੇ ਨਾਜਾਇਜ਼ ਕਬਜਿਆਂ ਦੀ ਭਰਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।