19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਭਾਜਪਾ ਦਫ਼ਤਰ ਦੀ ਭੰਨਤੋੜ ਅਤੇ ਵਰਕਰਾਂ ਨਾਲ ਕੁੱਟਮਾਰ ਕਰਨ 'ਤੇ 25 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 13-05-2026
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਭਾਜਪਾ ਦੇ ਦਫ਼ਤਰ ਦੀ ਭੰਨਤੋੜ ਕਰਨ, ਵਰਕਰਾਂ ਨਾਲ ਕੁੱਟਮਾਰ ਕਰਨ ਅਤੇ ਪ੍ਰਧਾਨ ਮੰਤਰੀ ਦੇ ਪੋਸਟਰਾਂ 'ਤੇ ਸਾਹੀ ਸੁੱਟਣ ਦੇ ਮਾਮਲੇ ਵਿਚ 25 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਸੁਰਜੀਤ ਸਿੰਘ ਸਾਗਰ ਪੁੱਤਰ ਸੂਰਤਾ ਸਿੰਘ ਵਾਸੀ ਕੰਗ ਹਾਲ ਵਾਸੀ ਝਬਾਲ ਚੌਂਕ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਜਨਰਲ ਸੈਕਟਰੀ ਹੈ | 11 ਮਈ ਨੂੰ ਸ਼ਾਮ 4 ਵਜੇ ਮੈਂ ਸਮੇਤ ਸ਼ਿਵ ਕੁਮਾਰ ਸੋਨੀ ਜਨਰਲ ਸਕੱਤਰ ਭਾਜਪਾ ਅਤੇ ਹੋਰ ਪਾਰਟੀ ਦੇ ਵਰਕਰ ਆਪਣੇ ਦਫ਼ਤਰ ਵਿਚ ਮੌਜੂਦ ਸੀ ਤਾਂ ਉਸ ਸਮੇਂ 20-25 ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਜਬਰਦਸਤੀ ਭਾਜਪਾ ਦੇ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਦਫਤਰ ਦੇ ਅੰਦਰ ਦਾਖ਼ਲ ਹੋਏ ਤੇ ਆਉਂਦੇ ਸਾਰ ਹੀ ਇਕ ਨੇ ਮੈਨੂੰ ਪੁੱਛਿਆ ਕਿ ਕਿੱਥੇ ਹੈ ਤੁਹਾਡਾ ਪ੍ਰਧਾਨ ਹਰਜੀਤ ਸਿੰਘ ਸੰਧੂ ਅੱਜ ਉਸ ਨੂੰ ਅਸੀਂ ਨਹੀਂ ਛੱਡਣਾ ਅਤੇ ਉਸ ਤੋਂ ਬਾਅਦ ਅਣਪਛਾਤਿਆਂ ਨੇ ਸਾਡੇ ਦਫ਼ਤਰ ਵਿਚ ਪਏ ਪਾਰਟੀ ਨਾਲ ਸਬੰਧਤ ਕਾਗਜਾਤ ਪਾੜਨੇ ਅਤੇ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਸਾਡੀ ਪਾਰਟੀ ਦੇ ਸਿਰੋਪਾਓ ਵੀ ਪੈਰਾਂ ਵਿਚ ਸੁੱਟਕੇ ਬੇਅਦਬੀ ਕੀਤੀ | ਉਸ ਤੋਂ ਮਗਰੋਂ ਉਨ੍ਹਾਂ ਵਿਚੋਂ ਆਪਣੇ ਹੱਥਾਂ ਵਿਚ ਫੜੀਆਂ ਸਾਹੀ ਦੀਆਂ ਬੋਤਲਾਂ ਮੇਰੇ ਅਤੇ ਹੋਰ ਮੌਜੂਦਾ ਵਰਕਰਾਂ ਤੇ ਮਾਰਨੀਆਂ ਸ਼ੁਰੂ ਕਰ ਦਿੱਤੀਆ ਅਤੇ ਕੰਧਾਂ 'ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਫੋਟੋਆਂ ਅਤੇ ਹੋਰ ਪਾਰਟੀ ਦੇ ਲੀਡਰਾਂ ਦੀਆਂ ਫ਼ੋਟੋਆਂ ਉਪਰ ਸਾਹੀ ਡੋਲਣੀ ਸ਼ੁਰੂ ਕਰ ਦਿੱਤੀ | ਹਮਲਾਵਰਾਂ ਨੇ ਮੇਰੇ ਨਾਲ ਅਤੇ ਸ਼ਿਵ ਕੁਮਾਰ ਸੋਨੀ ਨਾਲ ਕਾਫ਼ੀ ਹੱਥੋਂ ਪਾਈ ਕੀਤੀ ਅਤੇ ਸਾਡੀ ਕੁੱਟਮਾਰ ਵੀ ਕੀਤੀ | ਅਸੀਂ ਆਪਣੀ ਜਾਨ ਬਚਾਉਣ ਵਾਸਤੇ ਦਫਤਰ ਅੰਦਰ ਬਣੇ ਹੋਏ ਇਕ ਕਮਰੇ ਦੇ ਅੰਦਰ ਵੜਨ ਲੱਗੇ ਤਾਂ ਹਮਲਾਵਰਾਂ ਵਿਚੋਂ ਇਕ ਨੇ ਮੈਨੂੰ ਖਿੱਚ ਕੇ ਅੰਦਰ ਜਾਣ ਤੋਂ ਰੋਕਣ ਦੀ ਕੋਸ਼ਿਸ ਕੀਤੀ ਪਰ ਮੈੈਂ ਬਾਕੀ ਵਿਅਕਤੀਆਂ ਤੋਂ ਆਪਣੀ ਜਾਨ ਬਚਾਉਣ ਖਾਤਰ ਉਸ ਵਿਅਕਤੀ ਨੂੰ ਅੰਦਰ ਖਿੱਚ ਲਿਆ ਤੇ ਦਰਵਾਜਾ ਬੰਦ ਕਰ | ਇਸ ਮਗਰੋਂ ਬਾਹਰ ਖੜੇ ਸਾਰੇ ਵਿਅਕਤੀ ਲਲਕਾਰੇ ਮਾਰਨ ਲੱਗ ਪਏ ਅਤੇ ਉਨ੍ਹਾਂ ਨੇ ਉਸ ਕਮਰੇ ਦਾ ਦਰਵਾਜਾ ਜਬਰਦਸਤੀ ਭੰਨ ਦਿੱਤਾ ਤੇ ਆਪਣੇ ਸਾਥੀ ਨੂੰ ਬਾਹਰ ਕੱਢ ਲਿਆ ਅਤੇ ਕਮਰੇ ਵਿਚ ਇੱਟਾਂ ਰੋੜੇ ਮਾਰਕੇ ਕਮਰੇ ਵਿਚ ਪਏ ਸਮਾਨ ਦੀ ਭੰਨਤੋੜ ਕੀਤੀ ਅਤੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆ ਕਿ ਤੁਹਾਡੇ ਪ੍ਰਧਾਨ ਨੂੰ ਨਹੀਂ ਛੱਡਾਗੇ ਅਤੇ ਕਿਸੇ ਵੀ ਪਿੰਡ ਵਿਚ ਭਾਜਪਾ ਦੇ ਕਿਸੇ ਵਰਕਰ ਨਹੀਂ ਵੜਨ ਦਿਆਗੇ | ਭਾਜਪਾ ਦੇ ਮੁਰਦਾਬਾਦ ਦੇ ਨਾਅਰੇ ਲਗਾਉਦੇ ਹੋਏ ਦਫ਼ਤਰ ਵਿਚੋੋਂ ਬਾਹਰ ਆ ਗਏ ਤੇ ਬਾਹਰ ਆ ਕੇ ਉਨ੍ਹਾਂ ਨੇ ਸਾਨੂੰ ਡਰਾਉਣ ਲਈ ਆਪਣੇ ਹਥਿਆਰਾਂ ਨਾਲ ਹਵਾਈ ਫਾਇਰ ਕੀਤੇ ਅਤੇ ਆਪਣੇ ਆਪਣੇ ਦਸਤੀ ਹਥਿਆਰਾਂ ਸਮੇਤ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਏ.ਐੱਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਸਰਕਾਰੀ ਖਾਲ ਨੂੰ ਪੂਰ ਦੇਣ 'ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਦਾਜ ਦੀ ਖ਼ਾਤਰ ਪਤਨੀ ਨੂੰ ਕੁੱਟਮਾਰ ਕਰ ਕੇ ਘਰੋਂ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।