28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਤਰਨ ਤਾਰਨ ਜ਼ਿਲ੍ਹੇ 'ਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਦੀਆਂ ਤਿਆਰੀਆਂ ਮੁਕੰਮਲ- ਜ਼ਿਲ੍ਹਾ ਚੋਣ ਅਫ਼ਸਰ <br/>

ਅਜੀਤ ਡੈਸਕ 16-05-2026
ਤਰਨ ਤਾਰਨ, 15 ਮਈ (ਹਰਿੰਦਰ ਸਿੰਘ)-ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਪੰਜਾਬ ਰਾਜ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਇਸ ਅਧੀਨ ਪੰਜਾਬ ਰਾਜ ਵਿਚ 25 ਜੂਨ 2026 ਤੋਂ 24 ਜੁਲਾਈ ਤੱਕ ਬੀ.ਐਲ.ਓਜ਼ ਘਰ-ਘਰ ਜਾ ਕੇ ਫਾਰਮ ਭਰਵਾਉਣਗੇ | ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ | ਇਸ ਦੌਰਾਨ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਐਸ.ਆਈ.ਆਰ ਕਰਵਾਉਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਕੰਮ ਨੂੰ ਪੂਰੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜਿ੍ਹਆ ਜਾਵੇਗਾ | ਇਸ ਕੰਮ ਲਈ ਜ਼ਿਲ੍ਹਾ ਤਰਨ ਤਾਰਨ ਵਿਚ ਕੁੱਲ 911 ਬੂਥਾਂ 'ਤੇ 911 ਬੀ.ਐਲ.ਓਜ਼, 92 ਬੀ.ਐਲ.ਓਜ਼ ਸੁਪਰਵਾਈਜ਼ਰ, 4 ਚੋਣਕਾਰ ਰਜਿਸਟਰੇਸ਼ਨ ਅਫ਼ਸਰ ਤੇ 8 ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਇਸ ਸਮੇਂ 775205 ਵੋਟਰ ਹਨ, ਜਿਸ ਅਨੁਸਾਰ ਹਰੇਕ ਬੀ.ਐਲ.ਓ ਨੂੰ ਔਸਤ 850 ਵੋਟਰਾਂ ਦੀ ਐਸ.ਆਈ.ਆਰ ਕਰਨੀ ਹੋਵੇਗੀ | ਐਸ.ਆਈ.ਆਰ ਅਧੀਨ ਜ਼ਿ੍ਹਲ੍ਹਾ ਤਰਨ ਤਾਰਨ ਵਿਚ 775205 ਵੋਟਰਾਂ ਵਿਚੋਂ 72044 ਵੋਟਰ 2003 ਦੀ ਵੋਟਰ ਸੂਚੀ ਨਾਲ ਮੈਪ ਕਰ ਦਿੱਤੇ ਗਏ ਹਨ, ਜੋ ਕਿ ਤਕਰੀਬਨ 93 ਫੀਸਦੀ ਬਣਦਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਕਿ ਸਾਰੇ ਵੋਟਰਾਂ ਨੂੰ ਐਸ.ਆਈ.ਆਰ ਅਧੀਨ ਫਾਰਮ ਭਰਨਾ ਜਰੂਰੀ ਹੈ, ਫਿਰ ਵੀ ਮੈਪ ਕੀਤੇ ਹੋਏ ਵੋਟਰਾਂ ਲਈ ਐਸ.ਆਈ.ਆਰ ਦੀ ਪ੍ਰਕਿਰਿਆ ਕਾਫੀ ਆਸਾਨ ਹੋਵੇਗੀ | ਜੇਕਰ ਕੋਈ ਵੋਟਰ ਐਸ.ਆਈ.ਆਰ ਅਧੀਨ ਇਨੂਮੀਰੇਸ਼ਨ ਫਾਰਮ ਨਹੀਂ ਭਰਦਾ ਹੈ ਤਾਂ ਉਸ ਨੂੰ ਡਰਾਫਟ ਵੋਟਰ ਸੂਚੀ ਵਿਚ ਸ਼ਾਮਿਲ ਨਹੀਂ ਕੀਤਾ ਜਾਵੇਗਾ, ਜੋ ਮਿਤੀ 31 ਜੁਲਾਈ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ | ਦਾਅਵੇ ਅਤੇ ਇਤਰਾਜ਼ ਮਿਤੀ 30 ਅਗਸਤ 2026 ਤੱਕ ਲਏ ਜਾਣਗੇ ਜਿਨਾਂ ਦਾ ਨਿਪਟਾਰਾ ਮਿਤੀ 28 ਸਤੰਬਰ ਤੱਕ ਕਰਦੇ ਹੋਏ ਮਿਤੀ 1 ਅਕਤੂਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ | ਐਸ.ਆਈ.ਆਰ ਅਧੀਨ ਹੀ ਪੋਲਿੰਗ ਸਟੇਸ਼ਨਾਂ ਨੂੰ ਤਰਕ ਸੰਗਤ ਕਰਨ ਦਾ ਕਾਰਜ ਮਿਤੀ 24ਜੁਲਾਈ ਤੱਕ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਪੋਲਿੰਗ ਸਟੇਸ਼ਨ 'ਤੇ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਨਾ ਹੋਵੇ | ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਐਸ.ਆਈ.ਆਰ ਅਧੀਨ ਫਾਰਮ ਭਰਨਾ ਪਵੇਗਾ | ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਲਈ 1 ਜਨਵਰੀ 2003 ਨੂੰ ਯੋਗਤਾ ਮਿਤੀ ਨਿਰਧਾਰਤ ਕੀਤਾ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਯੋਗਤਾ ਮਿਤੀ 1 ਜਨਵਰੀ 2003 ਦੀਆਂ ਵੋਟਰ ਸੂਚੀਆਂ ਨਾਲ ਮੌਜੂਦਾ ਵੋਟਰ ਸੂਚੀਆਂ ਨੂੰ ਜੋੜ ਦਿੱਤਾ ਗਿਆ ਹੈ, ਜਿਸ ਨਾਲ ਵੋਟਰਾਂ ਨੂੰ ਪੁਰਾਣੀਆਂ ਵੋਟਰ ਸੂਚੀਆਂ ਨੂੰ ਲੱਭਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ | ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਵਿੱਚ ਬੀ.ਐਲ.ਓ ਨੂੰ ਪੂਰਾ ਸਹਿਯੋਗ ਦੇਣ | ਬੀ.ਐਲ.ਓਜ਼ ਲਈ ਮਿਤੀ 15 ਜੂਨ ਤੋਂ ਮਿਤੀ 24 ਜੂਨ 2026 ਤੱਕ ਸਪੈਸ਼ਲ ਟ੍ਰੇਨਿੰਗ ਰੱਖੀ ਗਈ ਹੈ | ਇਸ ਦੇ ਨਾਲ ਹੀ ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਬੀ.ਐਲ.ਏ ਨਿਯੁਕਤ ਕਰਨ ਲਈ ਅਪੀਲ ਕੀਤੀ | ਇਸ ਮੌਕੇ ਤਹਿਸੀਲਦਾਰ ਚੋਣਾਂ ਇੰਦਰਜੀਤ ਸਿੰਘ, ਚੋਣ ਕਾਨੂੰਗੋ ਦਿਲਬਾਗ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਲਖਵਿੰਦਰ ਸਿੰਘ, ਮਨਦੀਪ ਸਿੰਘ ਗਿੱਲ, ਵਿਵੇਕ ਅਗਰਵਾਲ, ਰਾਜੇਸ਼ ਭੋਲਾ, ਬਰਕਤ ਸਿੰਘ, ਦਿਨੇਸ਼ ਜੋਸ਼ੀ, ਅਮਨ ਅਰੋੜਾ ਤੇ ਹੋਰ ਸ਼ਾਮਿਲ ਸਨ |

ਪਿਛਲੀ ਖ਼ਬਰ ਪੰਜਾਬ ਦੇ ਲੋਕ ਭਾਜਪਾ ਨੂੰ ਉਸ ਦੇ ਤਾਨਾਸ਼ਾਹੀ ਮਨਸੂਬਿਆਂ 'ਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ-ਚੇਅ. ਚੱਕਵਾਲੀਆ <br/... ਅਗਲੀ ਖ਼ਬਰ ਬਾਬਾ ਖੜਕ ਸਿੰਘ ਤੇ ਬਾਬਾ ਦਰਸ਼ਨ ਸਿੰਘ ਦੀ ਬਰਸੀ ਸੰਬੰਧੀ ਮੀਟਿੰਗ 17 ਨੂੰ - ਬਾਬਾ ਭੋਲਾ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।