ਫਤਿਆਬਾਦ, 18 ਮਈ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਸਕੂਲ ਜਾ ਰਹੇ 13 ਸਾਲਾਂ ਬੱਚੇ ਨੂੰ ਗੈਸ ਸਿਲੰਡਰਾਂ ਵਾਲੇ ਟਰੱਕ ਨੇ ਦਰੜ ਦਿੱਤਾ ਹੈ, ਜਿਸ ਕਾਰਨ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਬੱਚਾ ਪਿੰਡ ਦੇ ਸਰਕਾਰੀ ਸਕੂਲ ਦੀ ਅੱਠਵੀਂ ਕਲਾਸ ਦਾ ਵਿਦਿਆਰਥੀ ਸੀ, ਜੋ ਸਾਈਕਲ 'ਤੇ ਸਵਾਰ ਹੋ ਕੇ ਸਕੂਲ ਜਾ ਰਿਹਾ ਸੀ | ਮਿ੍ਤਕ ਦੀ ਪਛਾਣ ਧੀਰਜ ਤੇਜਪਾਲ (13) ਪੁੱਤਰ ਨਰਿੰਦਰ ਤੇਜਪਾਲ ਵਾਸੀ ਫਤਿਆਬਾਦ ਵਜੋਂ ਹੋਈ ਹੈ | ਹਾਦਸੇ ਤੋਂ ਬਾਅਦ ਲੋਕਾਂ ਨੇ ਟਰੱਕ ਡਰਾਈਵਰ ਨੂੰ ਕਾਬੂ ਕਰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ | ਚੌਂਕੀ ਫਤਿਆਬਾਦ ਦੀ ਪੁਲਿਸ ਨੇ ਹਾਦਸੇ ਦਾ ਕਾਰਨ ਬਣੇ ਗੈਸ ਸਿਲੰਡਰਾਂ ਵਾਲੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ | ਪ੍ਰਤੱਖ ਦਰਸ਼ੀ ਨਿਰਮਲ ਸਿੰਘ ਨੇ ਦੱਸਿਆ ਕਿ ਮਿ੍ਤਕ ਬੱਚਾ ਆਪਣੇ ਸਾਥੀਆਂ ਨਾਲ ਸਾਈਕਲ 'ਤੇ ਸਵਾਰ ਹੋ ਕੇ ਸਕੂਲ ਜਾ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੰਬਰ ਪੀ.ਬੀ. 08 ਈ.ਕਿਊ 1594 ਦੀ ਲਪੇਟ ਵਿਚ ਆਉਣ ਕਾਰਨ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ | ਹਾਦਸੇ ਤੋਂ ਬਾਅਦ ਰੋਸ ਵਿਚ ਆਏ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਧਰਨਾ ਲਗਾ ਕੇ ਟਰੱਕ ਡਰਾਈਵਰ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਚੌਂਕੀ ਫਤਿਆਬਾਦ ਦੇ ਇੰਚਾਰਜ ਐਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਟਰੱਕ ਚਲਾ ਰਹੇ ਡਰਾਈਵਰ ਦੀ ਪਛਾਣ ਗੁਰਇਕਬਾਲ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਕਰ ਲਈ ਗਈ ਹੈ | ਹਾਦਸੇ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |