03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਰੋਹੀ 'ਚ ਪਈ ਗੰਦਗੀ ਦੇ ਰਹੀ ਭਿਆਨਕ ਬਿਮਾਰੀਆਂ ਨੂੰ ਸੱਦਾ, ਹੜ੍ਹਾਂ ਦੌਰਾਨ ਪਾਣੀ ਦੇ ਨਿਕਾਸ 'ਚ ਵੱਡੀ ਰੁਕਾਵਟ ਪੈਦਾ ਕਰਦੀ ਕਲਾਲੀ ਬੂਟੀ

ਅਜੀਤ ਡੈਸਕ 11-06-2026
ਤਰਨ ਤਾਰਨ, 10 ਮਈ (ਹਰਿੰਦਰ ਸਿੰਘ)-ਤਰਨ ਤਾਰਨ ਸ਼ਹਿਰ ਵਿਚੋਂ ਲੰਘਦੀ ਰੋਹੀ ਦੀ ਕਈ ਦਹਾਕਿਆਂ ਤੋਂ ਸਾਫ਼ ਸਫਾਈ ਨਾ ਹੋਣ ਕਾਰਨ ਇਸ ਵਿਚ ਵੱਡੀ ਪੱਧਰ 'ਤੇ ਗੰਦਗੀ ਪਈ ਹੋਈ ਹੈ ਅਤੇ ਨਾਲ ਹੀ ਕਲਾਲੀ ਬੂਟੀ ਪਈ ਹੋਈ ਹੈ, ਜੋ ਕਿ ਪਾਣੀ ਦੇ ਨਿਕਾਸ ਵਿਚ ਰੁਕਾਵਟ ਪੈਦਾ ਕਰਦੀ ਹੈ, ਪ੍ਰੰਤੂ ਸੰਬੰਧਿਤ ਡਰੇਨਜ਼ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹਾਂ ਦੇ ਅਗਾਊ ਪ੍ਰਬੰਧਾਂ ਦੇ ਚੱਲਦਿਆਂ ਇਸ ਦੀ ਸਾਫ਼ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਹਰ ਸਾਲ ਹੜ੍ਹਾਂ ਦੌਰਾਨ ਇਸ ਵਿਚ ਛੱਡੇ ਜਾਣ ਵਾਲੇ ਵਾਧੂ ਪਾਣੀ ਪਾਣੀ ਨਾਲ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ | ਇਥੇ ਦੱਸਣਾ ਬਣਦਾ ਹੈ ਕਿ ਤਰਨ ਤਾਰਨ ਸ਼ਹਿਰ ਦੇ ਕਈ ਮੁਹੱਲੇ ਅਤੇ ਆਸ-ਪਾਸ ਦੇ ਪਿੰਡ ਇਸ ਦੇ ਕਿਨਾਰੇ 'ਤੇ ਵਸੇ ਹੋਏ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਰਹਿੰਦੇ ਹਨ ਪ੍ਰੰਤੂ ਰੋਹੀ ਵਿਚ ਪਈ ਗੰਦਗੀ ਲੋਕਾਂ ਲਈ ਪ੍ਰੇਸ਼ਾਨੀ ਦਾ ਘਰ ਬਣੀ ਹੋਈ ਹੈ ਕਿਉਂਕਿ ਖ਼ੜੇ ਗੰਦੇ ਪਾਣੀ ਵਿਚ ਬਦਬੂ ਆ ਰਹੀ ਹੈ, ਉਥੇ ਇਸਦੇ ਕਿਨਾਰਿਆਂ ਦੇ ਕੰਡੇਦਾਰ ਝਾੜੀਆਂ ਹੋਣ ਕਾਰਨ ਇਹ ਚੋਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਲਈ ਲੁੱਕਣਗਾਹ ਬਣੀ ਹੋਈ ਹੈ | ਇਹ ਰੋਹੀ ਜ਼ਿਲ੍ਹਾ ਗੁਰਦਾਸਪੁਰ ਤੋਂ ਸ਼ੁਰੂ ਹੁੰਦੀ ਹੋਈ ਅੰਮਿ੍ਤਸਰ ਜ਼ਿਲ੍ਹੇ ਤੋਂ ਬਾਅਦ ਤਰਨ ਤਾਰਨ ਜ਼ਿਲ੍ਹੇ ਵਿਚੋਂ ਲੰਘਦੀ ਹੈ ਅਤੇ ਬਾਅਦ ਵਿਚ ਝਬਾਲ-ਭਿੱਖੀਵਿੰਡ ਤੋਂ ਹੁੰਦੀ ਹੋਈ ਪਾਕਿਸਤਾਨ ਦੀ ਤਰਫ਼ ਚਲੀ ਜਾਂਦੀ ਹੈ ਅਤੇ ਇਸਦੇ ਕਿਨਾਰਿਆਂ 'ਤੇ ਕਈ ਮੁਹੱਲੇ, ਪਿੰਡ ਅਤੇ ਕਸਬੇ ਵਸੇ ਹੋਏ ਹਨ ਪਰ ਕਈ ਦਹਾਕਿਆਂ ਤੋਂ ਇਸ ਦੀ ਡਰੇਨਜ ਵਿਭਾਗ ਵਲੋਂ ਸਾਫ ਸਫਾਈ ਨਾ ਹੋਣ ਕਾਰਨ ਹਰ ਸਾਲ ਹੜ੍ਹਾਂ ਦੇ ਪਾਣੀ ਨਾਲ ਜਿਥੇ ਲੋਕਾਂ ਦਾ ਨੁਕਸਾਨ ਹੁੰਦਾ ਹੈ, ਉਥੇ ਰੋਹੀ ਕਿਨਾਰੇ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਪਾਣੀ ਆ ਜਾਣ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ | ਤਰਨ ਤਾਰਨ ਸ਼ਹਿਰ ਵਿਚ ਰੋਹੀ 'ਤੇ ਪੁਲ ਬਣਿਆ ਹੋਇਆ ਹੈ, ਜਿਸ ਦੇ ਦੋਵਾਂ ਕਿਨਾਰਿਆਂ 'ਤੇ ਵੱਡੀ ਪੱਧਰ 'ਤੇ ਕੂੜੇ ਦੇ ਢੇਰ ਦੇਖਣ ਨੂੰ ਮਿਲਦੇ ਹਨ, ਉਥੇ ਰੋਹੀ ਵਿਚ ਕਲਾਲੀ ਬੂਟੀ ਵੀ ਪਈ ਹੋਈ, ਜੋ ਕਿ ਹੜ੍ਹਾਂ ਦੌਰਾਨ ਪਾਣੀ ਦੇ ਨਿਕਾਸ ਵਿਚ ਰੁਕਾਵਟ ਪੈਦਾ ਕਰਦੀ ਹੈ ਅਤੇ ਹੜ੍ਹਾਂ ਦਾ ਪਾਣੀ ਤਹਾਬੀ ਮਚਾਉਂਦਾ ਹੈ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰੋਹੀ ਪੁਲ ਦੇ ਕਿਨਾਰੇ ਤੋਂ ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਰਸਤਾ ਵੀ ਜਾਂਦਾ ਹੈ ਅਤੇ ਰੋਜਾਨਾਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਰੋਹੀ ਦੇ ਨਿਕਾਰੇ ਤੋਂ ਹੁੰਦੀ ਹੋਈ ਪਾਰਕਿੰਗ ਵਿਚ ਪੁੱਜਦੀਆਂ ਹਨ ਪਰ ਰੋਹੀ ਵਿਚ ਪਈ ਗੰਦਗੀ ਦੇ ਚੱਲਦਿਆਂ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ | ਦੂਸਰੇ ਪਾਸੇ ਹਰ ਸਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਰੇਨਜ ਵਿਭਾਗ ਦੇ ਅਧਿਕਾਰੀਆਂ ਨਾਲ ਹੜ੍ਹਾਂ ਦੇ ਅਗਾਊ ਪ੍ਰਬੰਧਾਂ ਨੂੰ ਲੈ ਕੇ ਦਰਿਆਵਾਂ, ਨਾਲਿਆ ਦੀ ਸਾਫ਼ ਸਫਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਜ਼ਮੀਨੀ ਪੱਧਰ 'ਤੇ ਕੁਝ ਨਹੀਂ ਹੁੰਦਾ, ਜਿਸ ਕਾਰਨ ਹੜ੍ਹਾਂ ਦੌਰਾਨ ਇਸ ਵਿਚ ਛੱਡੇ ਜਾਣ ਵਾਲਾ ਪਾਣੀ ਵੱਡੀ ਤਬਾਹੀ ਲੈ ਕੇ ਆਉਂਦਾ ਹੈ, ਜਿਸ ਨਾਲ ਲੋਕਾਂ ਅਤੇ ਕਿਸਾਨਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੁੰਦਾ ਹੈ | ਤਰਨ ਤਾਰਨ ਸ਼ਹਿਰ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਪਾਸੋਂ ਮੰਗ ਕੀਤੀ ਕਿ ਰੋਹੀ ਦੀ ਸਾਫ਼ ਸਫ਼ਾਈ ਲਈ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਜਲਦ ਤੋਂ ਜਲਦ ਇਸਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਹੜ੍ਹਾਂ ਦੌਰਾਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਪਿੰਡ ਭੈਣੀ ਮੱਟੂਆਂ ਵਿਖੇ ਵੱਖ-ਵੱਖ ਪਾਰਟੀਆਂ ਦੇ ਸਰਗਰਮ ਵਰਕਰ ਕਾਂਗਰਸ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਪਿੰਡ ਮੁਗ਼ਲ ਚੱਕ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਰਵੀਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।