ਤਰਨ ਤਾਰਨ, 16 ਜੂਨ (ਪਰਮਜੀਤ ਜੋਸ਼ੀ)-ਕੇਂਦਰੀ ਜੇਲ੍ਹ ਗੋਇੰਦਵਾਲ ਦੀ ਚੈਕਿੰਗ ਦੌਰਾਨ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਣ ਦੇ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ 2 ਹਵਾਲਾਤੀਆਂ ਸਮੇਤ ਇਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਗੋਇੰਦਵਾਲ ਦੇ ਸਹਾਇਕ ਸੁਪਰਡੈਂਟ ਹੰਸ ਰਾਜ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ 5 ਜੂਨ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਆਗਿਆਪਾਲ ਸਿੰਘ ਪੁੱਤਰ ਪਿ੍ਰਥੀਪਾਲ ਸਿੰਘ ਵਾਸੀ ਨੌਸ਼ਹਿਰਾ ਢਾਲਾ ਅਤੇ ਪ੍ਰਮਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਜਲੰਧਰ ਪਾਸੋਂ 1 ਟੱਚ ਮੋਬਾਈ੍ਰ ਫੋਨ, 20 ਤੰਬਾਕੂ ਬੰਡਲ, 30 ਬੀੜੀਆਂ ਦੇ ਬੰਡਲ ਬਰਾਮਦ ਹੋਏ ਹਨ। ਇਸੇ ਤਰ੍ਹਾਂ 28 ਮਈ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ 6 ਟੱਚ ਮੋਬਾਈਲ ਫੋਨ, 2 ਸਿੰਮ, 1 ਅਡੈਪਟਰ, 2 ਡਾਟਾ ਕੇਬਲ, 1 ਹੈਡਫੋਨ, 8 ਲਾਈਟਰ, 247 ਬੀਡੀਆਂ ਦੇ ਬੰਡਲ, 60 ਤੰਬਾਕੂ ਪੁੜੀਆਂ, 50 ਕੂਲਲਿੱਪ ਪੁੜੀਆਂ ਲਵਾਰਿਸ ਹਾਲਤ ਵਿਚ ਬਰਾਮਦ ਹੋਈਆਂ ਹਨ। ਥਾਣਾ ਗੋਇੰਦਵਾਲ ਦੇ ਐੱਸ.ਆਈ. ਵਿਕਰਮ ਸਿੰਘ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਸਮਾਨ ਜੇਲ੍ਹ ਵਿਚ ਇਨ੍ਹਾਂ ਪਾਸ ਕਿਸ ਤਰ੍ਹਾਂ ਪਹੁੰਚਿਆ।