ਚੋਹਲਾ ਸਾਹਿਬ, 17 ਜੂਨ (ਬਲਵਿੰਦਰ ਸਿੰਘ)�ਗਰਮੀਆਂ ਦੀਆਂ ਛੁੱਟੀਆਂ ਦੌਰਾਨ ਨੌਜਵਾਨ ਪੀੜ੍ਹੀ ਨੂੰ ਸਿੱਖੀ, ਸਿੱਖ ਇਤਿਹਾਸ ਅਤੇ ਗੁਰਮਤਿ ਜੀਵਨ-ਮੁੱਲਾਂ ਨਾਲ ਜੋੜਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਸੇਵਾ ਮੁਹਿੰਮ ਤਹਿਤ ਅੱਜ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਚੋਹਲਾ ਸਾਹਿਬ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਈ। ਇਸ ਮੌਕੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਵਿਦਿਆਰਥੀਆਂ ਦੇ ਕੀਮਤੀ ਸਮੇਂ ਨੂੰ ਸਾਰਥਕ ਦਿਸ਼ਾ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀਆਂ ਧਾਰਮਿਕ ਜੜ੍ਹਾਂ ਨਾਲ ਜੋੜਨ ਦਾ ਅਹਿਮ ਸਾਧਨ ਬਣ ਰਹੀ ਹੈ। ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਸਿੱਖਿਆ ਇੰਜੀ. ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਇਹ ਮੁਹਿੰਮ ਨੌਜਵਾਨਾਂ ਵਿਚ ਸੇਵਾ, ਸਿਮਰਨ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਪ੍ਰਫੁੱਲਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਜਦੋਂ ਨੌਜਵਾਨ ਵਰਗ ਸੋਸ਼ਲ ਮੀਡੀਆ ਅਤੇ ਹੋਰ ਗੈਰ-ਜ਼ਰੂਰੀ ਗਤੀਵਿਧੀਆਂ ਵੱਲ ਆਕਰਸ਼ਿਤ ਹੋ ਰਿਹਾ ਹੈ, ਅਜਿਹੇ ਉਪਰਾਲੇ ਉਨ੍ਹਾਂ ਨੂੰ ਗੁਰੂ ਘਰ ਨਾਲ ਜੋੜ ਕੇ ਸਹੀ ਜੀਵਨ-ਮਾਰਗ ਵੱਲ ਪ੍ਰੇਰਿਤ ਕਰਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਨਾਲ ਵਿਦਿਆਰਥੀਆਂ ਨੂੰ ਨਿਮਰਤਾ, ਸਹਿਣਸ਼ੀਲਤਾ ਤੇ ਮਨੁੱਖਤਾ ਦੀ ਸੇਵਾ ਦੇ ਗੁਣਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਪ੍ਰੇਰਨਾ ਮਿਲਦੀ ਹੈ। ਸੇਵਾ ਦੌਰਾਨ ਵਿਦਿਆਰਥੀਆਂ ਵਲੋਂ ਸੰਗਤਾਂ ਨੂੰ ਜਲ ਛਕਾਉਣ, ਬਜ਼ੁਰਗਾਂ ਦੀ ਸਹਾਇਤਾ ਕਰਨ ਅਤੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਅਨੁਸ਼ਾਸਨ ਬਣਾਈ ਰੱਖਣ ਸਬੰਧੀ ਸੇਵਾਵਾਂ ਨਿਭਾਈਆਂ ਗਈਆਂ। ਵਿਦਿਆਰਥੀਆਂ ਨੇ ਪੂਰੀ ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਸੇਵਾ ਕਰਦਿਆਂ ਸੰਗਤਾਂ ਦਾ ਧਿਆਨ ਇਲਾਹੀ ਬਾਣੀ ਅਤੇ ਕੀਰਤਨ ਵੱਲ ਕੇਂਦਰਿਤ ਕਰਨ ਲਈ ਵੀ ਯੋਗਦਾਨ ਪਾਇਆ। ਵਿਦਿਆਰਥੀਆਂ ਨਲੋਂ ਨਿਭਾਈ ਜਾ ਰਹੀ ਸੇਵਾ ਦੀ ਸੰਗਤਾਂ ਵਲੋਂ ਵੀ ਭਰਵੀਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਅਤੇ ਸਟਾਫ਼ ਦੇ ਇਸ ਜਥੇ ਦੀ ਅਗਵਾਈ ਕਾਲਜ ਦੇ ਧਾਰਮਿਕ ਅਧਿਆਪਕ ਕਿਰਨਜੀਤ ਕੌਰ ਦੁਆਰਾ ਕੀਤੀ ਗਈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।