ਪੱਟੀ, 30 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਨਗਰ ਕੌਂਸਲ ਮੁਲਾਜ਼ਮਾਂ ਦੀ ਜਥੇਬੰਦੀਆ ਵਲੋਂ ਦਿੱਤੇ ਪੰਜਾਬ ਬੰਦ ਸੱਦੇ ਨੂੰ ਪੱਟੀ ਸ਼ਹਿਰ ਵਿਚੋਂ ਭਰਵਾਂ ਹੁੰਗਾਰਾ ਮਿਲਿਆ ਹੈ। ਪੱਟੀ ਸ਼ਹਿਰ ਦੇ ਵਪਾਰਕ ਅਦਾਰੇ, ਸਕੂਲ, ਦੁਕਾਨਾਂ ਆਦੀ ਮੁਕੰਮਲ ਬੰਦ ਰਹੇ। ਨਗਰ ਕੌਂਸਲ ਪੱਟੀ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ ਕੀਤੀ ਗਈ ਹੈ। ਵੀਰਵਾਰ ਨੂੰ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਆਪਣਾ ਸਮਰਥਨ ਦੇਣ ਲਈ ਕੈਰੋਂ ਗਰੁੱਪ ਦੇ ਅਜੈ ਕੁਮਾਰ ਸਾਬਕਾ ਕੌਂਸਲਰ, ਲਖਵਿੰਦਰ ਸਿੰਘ ਭੁਟੋਂ, ਵਿਕਾਸ ਕੁਮਾਰ ਮਿੰਟਾ ਸਮਾਜ ਸੇਵੀ, ਗੁਰਦੇਵ ਸਿੰਘ ਸੋਨੂੰ ਚੀਮਾ, ਗੁਰਪ੍ਰੀਤ ਸਿੰਘ ਮੋਨੂੰ ਕੌਂਸਲਰ, ਬਲਜੀਤ ਪ੍ਰਧਾਨ, ਸਵਰਨ ਗਿੱਲ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ, ਸਕੱਤਰ ਸਿੰਘ ਭੁੱਲਰ ਯੂਥ ਆਗੂ ਕੈਰੋਂ ਗਰੁੱਪ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਦੀਪਕ ਚੌਧਰੀ ਯੂਥ ਆਗੂ, ਮੁਨੀਸ਼ ਵਰਮਾ, ਕਾ. ਹਰਭਜਨ ਸਿੰਘ, ਕਾ. ਲਛਮਣ ਦਾਸ, ਬਲਵੰਤ ਰਾਏ ਰੈਗਰ ਸਮਾਜ, ਸੋਹਣ ਲਾਲ ਪਿੱਪਲ ਮੁਹੱਲਾ, ਸੁਰਿੰਦਰ ਕੁਮਾਰ ਭਗਵਾਨ ਵਾਲਮੀਕਿ ਸੰਗੀਤ ਰਾਮ ਲੀਲਾ ਕਲੱਬ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਨੇ ਰੋਸ ਮਾਰਚ ਵਿਚ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਬਲਵੰਤ ਰਾਏ ਨੇ ਕਿਹਾ ਕਿ ਨਗਰ ਕੌਂਸਲ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ, ਜਿੰਨਾਂ ’ਚ ਕੱਚੇ ਮੁਲਾਜ਼ਮ ਪੱਕੇ ਕਰਨਾ, ਤਨਖਾਹ ਸਮੇਂ ਸਿਰ, ਡੀ.ਏ. ਕਿਸ਼ਤ ਆਦਿ ਹਨ, ਨੂੰ ਸਰਕਾਰ ਪੂਰੀਆ ਨਹੀਂ ਕਰ ਰਹੀ। ਇਸ ਕਰਕੇ ਅੱਜ ਪੂਰੇ ਪੰਜਾਬ ਨੂੰ ਰੋਸ ਵਜੋਂ ਬੰਦ ਕੀਤਾ ਗਿਆ ਹੈ, ਜਿਸ ’ਤੇ ਪੂਰੇ ਪੰਜਾਬ ਨਿਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸਮੂਹ ਪੰਜਾਬ ਨਿਵਾਸੀਆਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਮੁਲਾਜ਼ਮਾਂ ਦਾ ਸਾਥ ਦਿੱਤਾ ਹੈ। ਬਲਵੰਤ ਪ੍ਰਧਾਨ ਨੇ ਕਿਹਾ ਕਿ ਜੇਕਰ ਸਾਡੀਆ ਮੰਗਾਂ ਨੂੰ ਜਲਦੀ ਨਾ ਮੰਨਿਆ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਅਜੈ ਕੁਮਾਰ ਪ੍ਰਧਾਨ ਅਤੇ ਹੋਰ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਪੱਟੀ ਦੇ ਮੁਲਾਜ਼ਮਾਂ ਦਿੱਤੇ ਗਏ ਪੰਜਾਬ ਬੰਦ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਪੱਟੀ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਵੀ ਨਗਰ ਕੌਂਸਲ ਮੁਲਾਜ਼ਮਾਂ ਦੇ ਸਹਿਯੋਗ ਦਿੰਦੇ ਹੋਏ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹਨ। ਉਨ੍ਹਾਂ ਸਮੂਹ ਦੁਕਾਨਦਾਰਾਂ ਦਾ ਦੁਕਾਨਾਂ ਬੰਦ ਕਰਕੇ ਦਿੱਤੇ ਸਹਿਯੋਗ ਤੇ ਧੰਨਵਾਦ ਕੀਤਾ। ਇਸ ਮੌਕੇ ਸਮੂਹ ਵਾਲਮੀਕਿ ਭਾਈਚਾਰੇ ਵਲੋਂ ਪੁਰਜੋਰ ਅਪੀਲ ਕੀਤੀ ਕਿ ਨਗਰ ਕੌਂਸਲ ਮੁਲਾਜ਼ਮਾਂ ਦੀ ਜਾਇਜ ਮੰਗਾਂ ਨੂੰ ਜਲਦੀ ਪੂਰੀਆਂ ਕੀਤੀਆਂ ਜਾਣ। ਨਗਰ ਕੌਂਸਲ ਦਫ਼ਤਰ ਤੋਂ ਲੈ ਕੇ ਗਾਂਧੀ ਸਾਥ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਿਚ ਗੰਦਗੀ ਕਾਰਨ ਕਿਸੇ ਕਿਸਮ ਦੀ ਮਹਾਂਮਾਰੀ ਫੈਲਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨ ਕੇ ਹੜ੍ਹਤਾਲ ਖ਼ਤਮ ਕਰਵਾਈ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿਚ ਨਗਰ ਕੌਂਸਲ ਮੁਲਾਜ਼ਮ ਹਾਜ਼ਰ ਸਨ।