ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ
ਝਬਾਲ, 29 ਨਵੰਬਰ (ਸੁਖਦੇਵ ਸਿੰਘ)-ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਵਿਖੇ ਵਿਦਿਆਰਥੀਆਂ ਅੰਦਰ ਖੇਡ ਭਾਵਨਾ, ਸਰੀਰਕ ਤੰਦਰੁਸਤੀ, ਅਨੁਸ਼ਾਸਨ, ਆਪਸੀ ਸਹਿਯੋਗ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਸਲਾਨਾ ਸਪੋਰਟਸ ਮੀਟ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਇਸ ਖੇਡ ਸਮਾਗਮ ਵਿੱਚ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਤੋਂ ਇਲਾਵਾ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਦਬੁਰਜੀ ਅਤੇ ਦਸਮੇਸ਼ ਪਰਿਵਾਰ ਖਾਲਸਾ ਪਬਲਿਕ ਸਕੂਲ ਚੂਚਕਵਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਝਬਾਲ, 29 ਨਵੰਬਰ (ਸੁਖਦੇਵ ਸਿੰਘ)-ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਵਿਖੇ ਵਿਦਿਆਰਥੀਆਂ ਅੰਦਰ ਖੇਡ ਭਾਵਨਾ, ਸਰੀਰਕ ਤੰਦਰੁਸਤੀ, ਅਨੁਸ਼ਾਸਨ, ਆਪਸੀ ਸਹਿਯੋਗ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਸਲਾਨਾ ਸਪੋਰਟਸ ਮੀਟ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਇਸ ਖੇਡ ਸਮਾਗਮ ਵਿੱਚ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਤੋਂ ਇਲਾਵਾ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਦਬੁਰਜੀ ਅਤੇ ਦਸਮੇਸ਼ ਪਰਿਵਾਰ ਖਾਲਸਾ ਪਬਲਿਕ ਸਕੂਲ ਚੂਚਕਵਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਪੋਰਟਸ ਮੀਟ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ। ਉਪਰੰਤ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਨੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਭੰਗੜਾ, ਮੁਟਿਆਰਾਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਅਤੇ ਮਨਮੋਹਕ ਸੋਲੋ ਡਾਂਸ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਟਰੈਕ ਮੁਕਾਬਲੇ ਅਤੇ ਗਰੁੱਪ ਖੇਡਾਂ ਕਰਵਾਈਆਂ ਗਈਆਂ। ਕਬੱਡੀ, ਵਾਲੀਬਾਲ, ਫੁੱਟਬਾਲ, ਬੈਡਮਿੰਟਨ ਅਤੇ ਖੋ-ਖੋ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਜੂਨੀਅਰ ਵਿੰਗ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਵੀ ਮੰਨੋਰੰਜਕ ਖੇਡਾਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਵਿਚ ਆਤਮ ਵਿਸ਼ਵਾਸ, ਆਪਸੀ ਸਹਿਯੋਗ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨਾਂ ਵਜੋਂ ਸ੍ਰੀਮਤੀ ਕੁਲਦੀਪ ਕੌਰ, ਗੁਰਪ੍ਰੀਤ ਸਿੰਘ, ਸ੍ਰੀਮਤੀ ਰਾਜਦੀਪ ਕੌਰ, ਰਵਿੰਦਰਪਾਲ ਸਿੰਘ, ਸ੍ਰੀਮਤੀ ਮਨਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਪੋਰਟਸ ਮੀਟ ਦੀ ਬਾਜ਼ੀ ਆਪਣੇ ਨਾਮ ਕੀਤੀ। ਸਕੂਲ ਦੇ ਚੇਅ. ਜਸਵੰਤ ਸਿੰਘ ਖਾਲਸਾ ਅਤੇ ਡਾਇਰੈਕਟਰ ਮੈਡਮ ਰੁਪਿੰਦਰ ਕੌਰ ਨੇ ਸਮਾਗਮ ਦੀ ਸਫਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਹਿਲਾ ਸਥਾਨ ਹਾਸਲ ਕਰਨ ’ਤੇ ਸਕੂਲ ਦੇ ਵਿਦਿਆਰਥੀਆਂ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦੂਜੇ ਦੋਵੇਂ ਸਕੂਲਾਂ ਦੇ ਵਿਦਿਆਰਥੀਆਂ ਦੀ ਵੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਵਿਚ ਸਿਰਫ਼ ਜਿੱਤਣਾ ਹੀ ਮਹੱਤਵਪੂਰਨ ਨਹੀਂ ਹੁੰਦਾ। ਸਗੋਂ ਪੂਰੀ ਮਿਹਨਤ ਨਾਲ ਭਾਗ ਲੈਣਾ, ਅਨੁਸ਼ਾਸਨ ਵਿੱਚ ਰਹਿਣਾ ਅਤੇ ਖੇਡ ਭਾਵਨਾ ਕਾਇਮ ਰੱਖਣਾ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹਾਰ-ਜਿੱਤ ਦੀ ਪਰਵਾਹ ਕੀਤੇ ਬਿਨਾਂ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਅਤੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਸਮੁੱਚੀ ਸਪੋਰਟਸ ਮੀਟ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਰਪੂਰ ਰਹੀ। ਇਸ ਸਮਾਗਮ ਨੇ ਤਿੰਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਨਾਲ-ਨਾਲ ਆਪਸੀ ਸਾਂਝ, ਸਹਿਯੋਗ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ