ਲੁਧਿਆਣਾ, 14 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਤੋਂ 1976 ਵਿਚ ਬੀ ਐੱਸ ਸੀ ਐਗਰੀਕਲਚਰ ਆਨਰਜ਼ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੀ ਡਿਗਰੀ ਦੀ ਸੁਨਹਿਰੀ ਜੁਬਲੀ ਮੌਕੇ ਇਕੱਤਰ ਹੋ ਕੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂਙ 75 ਦੇ ਕਰੀਬ ਵਿਦਿਆਰਥੀ ਕੈਨੇਡਾ, ਨੇਪਾਲ, ਆਸਟਰੇਲੀਆ, ਅਮਰੀਕਾ ਅਤੇ ਇੰਗਲੈਂਡ ਸਮੇਤ ਵੱਖ-ਵੱਖ ਦੇਸ਼ਾਂ ਤੋਂ ਖੇਤੀਬਾੜੀ ਕਾਲਜ ਦੀ 61ਵੀਂ ਸਲਾਨਾ ਮੀਟ ਵਿਚ ਸ਼ਾਮਿਲ ਹੋਣ ਲਈ ਆਏ ਸਨ | ਇਹਨਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਸਮਾਰਕਾਂ ਅਤੇ ਸਥਾਨਾਂ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਨ ਲਈ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਖੇਤੀਬਾੜੀ ਕਾਲਜ ਡਾ. ਚਰਨਜੀਤ ਸਿੰਘ ਔਲਖ ਅਤੇ ਹੋਰ ਅਧਿਕਾਰੀਆਂ ਨਾਲ ਤਸਵੀਰਾਂ ਖਿਚਵਾਈਆਂ | ਇਸ ਬੈਚ ਨਾਲ 1986 ਵਿਚ ਪਾਸ ਹੋਣ ਵਾਲੇ ਵਿਦਿਆਰਥੀ ਅਤੇ 1966 ਵਿਚ ਡਿਗਰੀ ਮੁਕੰਮਲ ਕਰਨ ਵਾਲੇ ਵਿਦਿਆਰਥੀ ਵੀ ਅਲੂਮਨੀ ਮੀਟ ਵਿਚ ਸ਼ਾਮਿਲ ਹੋਏ | ਇਸ ਬੈਚ ਨੇ ਇਕ ਸੋਵੀਨਰ ਜਾਰੀ ਕੀਤਾ ਜਿਸ ਵਿਚ ਡਾ. ਸਰਦਾਰਾ ਸਿੰਘ ਜੌਹਲ, ਡਾ. ਕਿ੍ਪਾਲ ਸਿੰਘ ਔਲਖ, ਡਾ. ਸਤਿਬੀਰ ਸਿੰਘ ਗੋਸਲ, ਡਾ. ਚਰਨਜੀਤ ਸਿੰਘ ਔਲਖ, ਡਾ. ਨਿਰਮਲ ਜੌੜਾ, ਡਾ. ਤੇਜਿੰਦਰ ਸਿੰਘ ਰਿਆੜ ਅਤੇ ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਡੀ ਐੱਸ ਚੀਮਾ ਦੇ ਸੰਦੇਸ਼ ਛਪੇ ਹੋਏ ਹਨ | ਬੈਚ ਨੇ ਸਦੀਵੀ ਵਿਛੋੜਾ ਦੇ ਗਏ ਆਪਣੇ ਪੁਰਾਣੇ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਯਾਦ ਕੀਤਾ | ਸਾਬਕਾ ਵਿਦਿਆਰਥੀਆਂ ਦੇ ਇਸ ਬੈਚ ਨੇ ਹੋਸਟਲ ਨੰ. 6 ਵਿਚ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਰਾਤ ਦਾ ਖਾਣਾ ਖਾਧਾ | ਕੁੱਲ ਮਿਲਾ ਕੇ ਇਹ ਮਿਲਣੀ ਯਾਦਗਾਰ ਹੋ ਨਿਬੜੀ |