ਲੁਧਿਆਣਾ, 14 ਫਰਵਰੀ (ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਕਾਕੋਵਾਲ ਰੋਡ 'ਤੇ ਹਥਿਆਰਬੰਦ ਲੁਟੇਰੇ ਆਟੋ ਰਿਕਸ਼ਾ ਚਾਲਕ ਤੋਂ ਹਜ਼ਾਰਾਂ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਰਜਿੰਦਰ ਕੁਮਾਰ ਵਾਸੀ ਜਸੀਆਂ ਰੋਡ ਦੀ ਸ਼ਿਕਾਇਤ 'ਤੇ ਕੇਸ ਕਰ ਲਿਆ ਹੈ | ਪੁਲਿਸ ਫਾਸ਼ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਕਾਕੋਵਾਲ ਰੋਡ 'ਤੇ ਜਾ ਰਿਹਾ ਸੀ ਕਿ ਉਕਤ ਲੁਟੇਰਿਆਂ ਨੇ ਉਸ ਨੰੂ ਰੋਕ ਲਿਆ ਤੇ ਨਗਦੀ ਦੀ ਮੰਗ ਕੀਤੀ | ਜਦੋਂ ਉਸਨੇ ਨਗਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੇ ਹਥਿਆਰ ਕੱਢ ਲਏ ਅਤੇ ਉਸ ਪਾਸੋਂ 10 ਹਜ਼ਾਰ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਲੁਟੇਰਿਆਂ ਦਾ ਪਤਾ ਨਹੀਂ ਲੱਗਾ ਹੈ |