17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਡੀ. ਸੀ. ਨੇ ਸਕੂਲਾਂ ਦਾ ਆਡਿਟ ਕਰਨ ਲਈ ਇਕ ਉੱਚ-ਪੱਧਰੀ ਨਿਰੀਖਣ ਕਮੇਟੀ ਬਣਾਈ <br/>

ਅਜੀਤ ਡੈਸਕ 19-02-2026

ਲੁਧਿਆਣਾ, 18 ਫਰਵਰੀ (ਭੁਪਿੰਦਰ ਸਿੰਘ ਬੈਂਸ)-ਜ਼ਿਲ੍ਹੇ ਭਰ ਦੇ ਪ੍ਰਾਈਵੇਟ, ਗੈਰ-ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਲੋਂ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਬਾਰੇ ਮਾਪਿਆਂ, ਵਿਦਿਆਰਥੀਆਂ ਅਤੇ ਸਮਾਜਿਕ ਸੰਗਠਨਾਂ ਦੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਬੁੱਧਵਾਰ ਨੂੰ ਇਕ ਉਚ-ਪੱਧਰੀ ਨਿਰੀਖਣ ਕਮੇਟੀ ਦਾ ਗਠਨ ਕੀਤਾ ਜਿਸ ਨੂੰ ਸਕੂਲਾਂ ਦਾ ਨਿਯਮਤ ਅਤੇ ਸੰਪੂਰਨ ਆਡਿਟ ਕਰਨ ਦਾ ਕੰਮ ਸੌਂਪਿਆ ਗਿਆ ਹੈ | ਵਧੀਕ ਡਿਪਟੀ ਕਮਿਸ਼ਨਰ (ਜਨਰਲ) ਲੁਧਿਆਣਾ ਦੀ ਪ੍ਰਧਾਨਗੀ ਵਾਲੀ ਇਸ ਕਮੇਟੀ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਸੀ.ਐਮ.ਐਫ.ਓ. ਅਤੇ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ (ਡੀ.ਸੀ.ਐਫ.ਏ.) ਸ਼ਾਮਿਲ ਹਨ | ਇਹ ਕਮੇਟੀ ਸਿੱਧੀ ਜ਼ਿਲ੍ਹਾ ਮੈਜਿਸਟਰੇਟ ਨੂੰ ਰਿਪੋਰਟ ਕਰੇਗੀ | ਇਸ ਸਬੰਧੀ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਲਾਜ਼ਮੀ ਦਿਸ਼ਾ-ਨਿਰਦੇਸ਼ਾਂ ਦੀ ਤੁਰੰਤ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਜਿਨ੍ਹਾਂ ਵਿਚ ਆਰ.ਟੀ.ਈ ਐਕਟ 2009 ਦੇ ਤਹਿਤ, ਸਕੂਲਾਂ ਨੂੰ ਈ.ਡਬਲਯੂ.ਐਸ. ਅਤੇ ਵਾਂਝੇ ਸਮੂਹਾਂ ਲਈ 25 ਪ੍ਰਤੀਸ਼ਤ ਸੀਟਾਂ ਰਾਖਵੀਂਆਂ ਰੱਖਣੀਆਂ ਚਾਹੀਦੀਆਂ ਹਨ | ਬੱਚਿਆਂ ਜਾਂ ਮਾਪਿਆਂ ਲਈ ਕੋਈ ਕੈਪੀਟੇਸ਼ਨ ਫ਼ੀਸ ਜਾਂ ਸਕਰੀਨਿੰਗ ਪ੍ਰਕਿਰਿਆਵਾਂ ਦੀ ਆਗਿਆ ਨਹੀਂ ਹੈ | ਸਕੂਲਾਂ ਨੂੰ ਆਰ.ਟੀ.ਈ. ਐਕਟ 2009 ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਅਧਿਕਾਰਾਂ (ਆਰ.ਪੀ.ਡਬਲਯੂ.ਡੀ.) ਐਕਟ, 2016 ਦੀ ਧਾਰਾ 16 ਅਤੇ ਧਾਰਾ 31 ਦੋਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਕਿਸੇ ਵੀ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਨੂੰ ਦਾਖਲਾ ਨਾ ਦੇਣ ਲਈ ਸਕੂਲਾਂ ਵਿਰੁੱਧ ਕੋਈ ਵੀ ਸ਼ਿਕਾਇਤ ਆਰ.ਪੀ.ਡਬਲਯੂ.ਡੀ. ਐਕਟ 2016 ਦੇ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ | ਇਸ ਤੋਂ ਇਲਾਵਾ ਕਿਸੇ ਵੀ ਫ਼ੀਸ ਵਿਚ ਵਾਧੇ ਨੂੰ ਪੰਜਾਬ ਰੈਗੂਲੇਸ਼ਨ ਆਫ਼ ਫ਼ੀਸ ਆਫ਼ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨ ਐਕਟ, 2016/2019 ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ | ਖਾਤਿਆਂ ਦਾ ਸਾਲਾਨਾ ਆਡਿਟ ਇਕ ਚਾਰਟਰਡ ਅਕਾਊਾਟੈਂਟ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਦਫ਼ਤਰ ਡੀ.ਈ.ਓ. ਨੂੰ ਜਮਾਂ ਕਰਨਾ ਚਾਹੀਦਾ ਹੈ | ਸਰੀਰਕ ਸਜ਼ਾ ਅਤੇ ਮਾਨਸਿਕ ਪਰੇਸ਼ਾਨੀ ਦੀ ਸਖ਼ਤ ਮਨਾਹੀ ਹੈ | ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੀ ਸਿੱਖਿਆ ਲਾਜ਼ਮੀ ਹੈ | ਅਧਿਆਪਕਾਂ ਦੀਆਂ ਨਿਯੁਕਤੀਆਂ ਅਤੇ ਤਨਖ਼ਾਹਾਂ ਸੀ. ਬੀ. ਐਸ. ਈ/ਪੀ. ਐਸ. ਈ. ਬੀ. ਨਿਯਮਾਂ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ | ਸਕੂਲ ਦੇ ਅਹਾਤੇ ਵਿਚ ਕੋਈ ਵਪਾਰਕ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਹੈ ਅਤੇ ਸਾਰੀਆਂ ਸੰਸਥਾਵਾਂ ਨੂੰ ਵਿਦਿਆਰਥੀਆਂ ਦੀ ਆਵਾਜਾਈ ਲਈ ਸੁਰੱਖਿਅਤ ਵਾਹਨ ਨੀਤੀ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ | ਸਾਰੇ ਸਕੂਲ ਮੁਖੀਆਂ ਅਤੇ ਪ੍ਰਬੰਧਕ ਕਮੇਟੀਆਂ ਨੂੰ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਪਾਲਣਾ ਨਾ ਕਰਨ 'ਤੇ ਨਿਯਮਾਂ ਅਨੁਸਾਰ ਤੁਰੰਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ |

ਪਿਛਲੀ ਖ਼ਬਰ ਬਿੰਦਰਾ ਨੂੰ 'ਆਨਰੇਰੀ ਡਾਕਟਰੇਟ ਡਿਗਰੀ' ਨਾਲ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਰਿਹਾਇਸ਼ੀ ਇਲਾਕੇ ਵਿਚ ਜਨਰੇਟਰ ਦੀ ਵਰਤੋਂ ਕਰਨ ਦੇ ਮਾਮਲੇ 'ਚ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।