ਲੁਧਿਆਣਾ, 28 ਫਰਵਰੀ (ਜਤਿੰਦਰ ਭੰਬੀ)-ਪੀ.ਏ.ਯੂ. ਦੇ ਬਾਗ਼ਬਾਨੀ ਅਤੇ ਖੇਤੀ ਜੰਗਲਾਤ ਦੇ ਵਿਹੜੇ ਅਤੇ ਸਾਬਕਾ ਵਿਦਿਆਰਥੀਆਂ ਅਤੇ ਪੁਰਾਣੇ ਵਿਗਿਆਨੀਆਂ ਅਤੇ ਅਧਿਕਾਰੀਆਂ ਨੇ ਇਕੱਤਰ ਹੋ ਕੇ ਕਾਲਜ ਦੀ ਤੀਸਰੀ ਸਾਲਾਨਾ ਅਲੂਮਨੀ ਮਿਲਣੀ ਆਯੋਜਿਤ ਕੀਤੀ | ਇਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਫੁੱਲਾਂ ਦੀ ਖੇਤੀ ਨਾਲ ਜੁੜੇ ਉਘੇ ਵਿਗਿਆਨੀ ਡਾ. ਏ.ਪੀ. ਐਸ ਗਿੱਲ ਨੇ ਸ਼ਿਰਕਤ ਕੀਤੀ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਮਾਰੋਹ ਦੀ ਪ੍ਰਧਾਨਗੀ ਲਈ ਮੌਜੂਦ ਰਹੇ | ਉਨ੍ਹਾਂ ਦੇ ਨਾਲ ਯੂਨੀਵਰਸਿਟੀ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ.ਏ.ਐਸ., ਵੱਖ-ਵੱਖ ਕਾਲਜਾਂ ਦੇ ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ, ਵਿਗਿਆਨੀ ਅਤੇ ਵਿਦਿਆਰਥੀ ਵੀ ਮੌਜੂਦ ਸਨ | ਇਸ ਮੌਕੇ ਡਾ. ਏ.ਪੀ.ਐਸ. ਗਿੱਲ ਨੇ ਵਿਦਿਆਰਥੀ ਜੀਵਨ ਦੀਆਂ ਕਾਲਜ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ | ਪ੍ਰਧਾਨਗੀ ਭਾਸ਼ਣ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਥੋੜੇ੍ਹ ਸਮੇਂ ਵਿਚ ਹੀ ਕਾਲਜ ਵੱਲੋਂ ਅਕਾਦਮਿਕ, ਸਭਿਆਚਾਰਕ ਅਤੇ ਹੋਰ ਖੇਤਰਾਂ ਵਿਚ ਬਣਾਈ ਪਛਾਣ ਉਪਰ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਡਾ. ਗੋਸਲ ਨੇ ਕਿਹਾ ਕਿ ਅੱਜ ਦਾ ਸਮਾਂ ਹਰ ਖੇਤਰ ਵਿਚ ਅੰਤਰ ਅਨੁਸ਼ਾਸਨੀ ਖੋਜ ਨੂੰ ਅੱਗੇ ਵਧਾਉਣ ਅਤੇ ਵੱਖ-ਵੱਖ ਸੰਸਥਾਵਾਂ ਨਾਲ ਸੰਪਰਕ ਬਣਾ ਕੇ ਨਵੇਂ ਖੇਤਰਾਂ ਦੀ ਤਲਾਸ਼ ਦਾ ਹੈ | ਕਾਲਜ ਦੇ ਡੀਨ ਅਤੇ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਬੀਤੇ ਸਾਲਾਂ ਵਿਚ ਕਾਲਜ ਦੀਆਂ ਅਕਾਦਮਿਕ, ਖੋਜ ਅਤੇ ਸਹਿ ਸਭਿਆਚਾਰਕ ਗਤੀਵਿਧੀਆਂ ਵਿਚ ਕੀਤੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ | ਸਮਾਰੋਹ ਦਾ ਸੰਚਾਲਨ ਡਾ. ਕਰਨਵੀਰ ਸਿੰਘ ਗਿੱਲ, ਡਾ. ਗਗਨਦੀਪ ਕੌਰ ਅਤੇ ਡਾ. ਹੀਰਾ ਸਿੰਘ ਨੇ ਕੀਤਾ |