ਲੁਧਿਆਣਾ, 28 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਗਰਮੀਆਂ ਦੇ ਮੌਸਮ ਵਿਚ ਸਕੂਲੀ ਵਿਦਿਆਰਥੀਆਂ ਲਈ ਠੰਡੇ ਪਾਣੀ ਦੇ ਪ੍ਰਬੰਧਾਂ ਵਿਚ ਵਾਧਾ ਕਰਦੇ ਹੋਏ ਸਮਾਜ ਸੇਵੀ ਅਤੇ ਪੰਜਾਬ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਵਲੋਂ ਅੱਜ ਡਾ. ਏ.ਵੀ.ਐਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨੇੜੇ ਈਸਾ ਨਗਰੀ ਪੁਲੀ, ਲੁਧਿਆਣਾ ਨੂੰ ਨਵਾਂ ਵਾਟਰ ਕੂਲਰ ਦਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਦੇਬੀ ਨੇ ਕਿਹਾ ਕਿ ਸਕੂਲ ਵਿਚ ਪਹਿਲਾਂ ਤੋਂ ਬਹੁਤ ਸਾਰੇ ਵਾਟਰ ਕੂਲਰ ਲੱਗੇ ਹਨ, ਲੇਕਿਨ ਹਮੇਸ਼ਾ ਤੋਂ ਇੱਥੇ ਇਕ ਹੋਰ ਵਾਟਰ ਕੂਲਰ ਦੀ ਲੋੜ ਮਹਿਸੂਸ ਹੁੰਦੀ ਸੀ | ਇੱਥੋਂ ਦੀ ਮੈਨੇਜਮੈਂਟ ਵਲੋਂ ਡਾ. ਏ.ਵੀ.ਐਮ. ਐਜੂਕੇਸ਼ਨਲ ਸੁਸਾਇਟੀ ਦੇ ਮੁਖੀ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਹੇਠ ਲੋੜਵੰਦ ਵਰਗ ਦੇ ਬੱਚਿਆਂ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ | ਉਹ ਭਵਿੱਖ ਵਿਚ ਵੀ ਸਕੂਲੀ ਵਿਦਿਆਰਥੀਆਂ ਲਈ ਸੁਵਿਧਾ ਵਿਚ ਵਾਧਾ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ | ਲਵਲੀ ਨੇ ਕਿਹਾ ਕਿ ਡਾ. ਏ.ਵੀ.ਐਮ. ਐਜੂਕੇਸ਼ਨਲ ਸੁਸਾਇਟੀ ਦਾ ਇਕੋਮਾਤਰ ਉਦੇਸ਼ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਵਿਚਾਰਾਂ ਉੱਪਰ ਚੱਲ ਕੇ ਸਮਾਜ ਦੇ ਹਰ ਵਰਗ ਤੱਕ ਸਿੱਖਿਆ ਦਾ ਪ੍ਰਸਾਰ ਕਰਨਾ ਹੈ | ਉਹ ਗੁਰਦੇਵ ਸ਼ਰਮਾ ਦੇਬੀ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ | ਅੰਤ ਵਿਚ ਸਕੂਲ ਦੇ ਪਿ੍ੰਸੀਪਲ ਮਨੀਸ਼ਾ ਗਾਬਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਵੀ ਗੁਰਦੇਵ ਸ਼ਰਮਾ ਦੇਬੀ ਦਾ ਧੰਨਵਾਦ ਪ੍ਰਗਟਾਇਆ, ਜਿੱਥੇ ਸਕੂਲ ਦੇ ਵਾਈਸ ਪਿ੍ੰਸੀਪਲ ਅਮਿਤਾ ਰਾਜਨ, ਆਰਟ ਐਂਡ ਕਰਾਫਟ ਟੀਚਰ ਜਸਵਿੰਦਰ, ਹਰਸ਼ ਕਤਿਆਲ, ਨੇਹਾ ਮਨਚੰਦਾ, ਸੋਨੀਆ ਵੀ ਮੌਜੂਦ ਰਹੇ |