ਇਆਲੀ/ਥਰੀਕੇ, 1 ਮਾਰਚ (ਮਨਜੀਤ ਸਿੰਘ ਦੁੱਗਰੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਲੁਧਿਆਣਾ ਵਲੋਂ ਅੱਜ ਪਿੰਡ ਇਆਲੀ ਕਲਾਂ ਵਿਖੇ ਅਗਾਂਹਵਧੂ ਕਿਸਾਨ ਅਮਨਦੀਪ ਸਿੰਘ ਭੰਗੂ ਦੇ ਯਤਨਾਂ ਸਦਕਾ ਆਤਮਾ ਸਕੀਮ ਅਧੀਨ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਗੁਰਦੀਪ ਸਿੰਘ ਅਤੇ ਡਾ. ਹਰਿੰਦਰ ਸਿੰਘ ਸੰਧੂ ਬਲਾਕ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਵੱਖ-ਵੱਖ ਮਹਿਕਮਿਆਂ ਤੋਂ ਆਏ ਅਧਿਕਾਰੀਆਂ ਨੇ ਕਿਸਾਨ ਹਿਤ ਸਕੀਮਾਂ ਬਾਰੇ ਜਾਣੂ ਕਰਵਾਇਆ, ਜਿਨ੍ਹਾਂ ਵਿਚ ਡਾਕਟਰ ਵੀਰਪਾਲ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਿਚ ਚੱਲ ਰਹੀਆਂ ਸਕੀਮਾਂ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਸਬੰਧੀ ਬੀਜਾਂ ਦੀਆਂ ਨਵੀਆਂ ਕਿਸਮਾਂ, ਬੀਜਾਂ ਨੂੰ ਸੋਧਣ ਦੀ ਪ੍ਰਣਾਲੀ ਅਤੇ ਖਾਦਾਂ ਤੇ ਦਵਾਈਆਂ ਦੀ ਸੁਚੱਜੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ | ਡਾ. ਸੰਦੀਪ ਸਿੰਘ ਨੇ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਤੇ ਮਿਲਣ ਵਾਲੀਆਂ ਵੱਖ-ਵੱਖ ਸਿਟੀ ਸਕੀਮਾਂ ਪੀ.ਐਮ. ਕਿਸਾਨ ਨਿਧੀ ਯੋਜਨਾ ਸਬੰਧੀ, ਮਿੱਟੀ ਦੀ ਸਿਹਤ ਵਧਾਉਣ ਲਈ ਕਣਕ ਦੇ ਨਾੜ ਨੂੰ ਖੇਤ ਵਿਚ ਜਜ਼ਬ ਕਰਨ ਅਤੇ ਅੱਗ ਨਾ ਲਾਉਣ ਸਬੰਧੀ ਜਾਣਕਾਰੀ ਦਿੱਤੀ | ਬਾਗ਼ਬਾਨੀ ਵਿਭਾਗ ਤੋਂ ਆਈ ਡਾਕਟਰ ਜਸਪ੍ਰੀਤ ਕੌਰ ਸਿੱਧੂ ਨੇ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਕਰਨ ਅਤੇ ਮਿਲਣ ਵਾਲੀ ਸਬਸਿਡੀ ਬਾਰੇ ਚਾਨਣਾ ਪਾਇਆ | ਸਰਬਜੀਤ ਸਿੰਘ ਬੀ.ਟੀ.ਐਮ. ਨੇ ਆਤਮਾ ਸਕੀਮ ਅਧੀਨ ਮਿਲਣ ਵਾਲੇ ਲਾਭ ਬਾਰੇ ਜਾਣੂ ਕਰਵਾਇਆਂ | ਇਸ ਮੌਕੇ ਬੇਲਦਾਰ ਰਾਜਪ੍ਰੀਤ ਕੌਰ, ਪ੍ਰਦੀਪ ਸਿੰਘ ਦੀਪਾ ਭੰਗੂ, ਪ੍ਰੇਮ ਸਿੰਘ ਭੰਗੂ, ਗੁਰਪ੍ਰੀਤ ਸਿੰਘ ਭੰਗੂ, ਜਗਦੀਪ ਸਿੰਘ ਭੰਗੂ, ਸੀਮਾ ਇਆਲੀ, ਗੁਲਾਬ ਸਿੰਘ, ਨਮਨੂਰ ਸਿੰਘ ਭੰਗੂ, ਹਰਮਨਵੀਰ ਭੰਗੂ, ਬਿੱਟੂ ਬੈਂਸ, ਸੋਨੀ ਬੈਂਸ, ਦਮਨ ਇਆਲੀ, ਸਰਨ ਭੰਗੂ, ਤਜਿੰਦਰ ਭੰਗੂ, ਸਾਹਿਬ ਬੈਂਸ, ਵਿੱਕੀ ਇਆਲੀ, ਭੀਮਾ ਬੈਂਸ, ਕੁਲਦੀਪ ਸਿੰਘ, ਕੁਲਜੀਤ ਸਿੰਘ, ਮਨੀ ਬੈਂਸ ਆਦਿ ਨੇ ਇਸ ਕੈਂਪ ਵਿਚ ਸ਼ਾਮਿਲ ਹੁੰਦਿਆਂ ਇਸ ਦਾ ਲਾਹਾ ਲਿਆ |