ਲੁਧਿਆਣਾ, 1 ਮਾਰਚ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਉਭਰਦੇ ਯੂਥ ਆਗੂ ਮਨਵੀਰ ਸਿੰਘ ਧਾਲੀਵਾਲ ਨੇ ਨਵੀਂ ਦਿੱਲੀ ਵਿਚ ਇੰਡੀਆ ਨੈਸ਼ਨਲ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ | ਐਡਵੋਕੇਟ ਧਾਲੀਵਾਲ ਨੇ ਦੱਸਿਆ ਕਿ ਇਹ ਮੁਲਾਕਾਤ ਗਰਮਜੋਸ਼ੀ ਭਰੇ ਅਤੇ ਸਾਕਾਰਾਤਮਕ ਮਾਹੌਲ ਵਿਚ ਹੋਈ, ਜਿਸ ਦੌਰਾਨ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਆਉਣ ਵਾਲੀਆਂ ਰਣਨੀਤੀਆਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਮਨਵੀਰ ਸਿੰਘ ਧਾਲੀਵਾਲ ਨੇ ਪ੍ਰਧਾਨ ਮਲਿਕ ਅਰਜੁਨ ਖੜਗੇ ਨੂੰ ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਰਾਜਨੀਤਿਕ ਸਥਿਤੀ, ਸਥਾਨਕ ਮਸਲਿਆਂ ਅਤੇ ਵਰਕਰਾਂ ਵਿਚ ਪਾਰਟੀ ਪ੍ਰਤੀ ਉਤਸ਼ਾਹ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਹਲਕੇ ਵਿਚ ਯੂਥ ਅਤੇ ਵਰਕਰਾਂ ਨੂੰ ਇਕੱਠਾ ਕਰਕੇ ਪਾਰਟੀ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰਨ ਲਈ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ | ਐਡਵੋਕੇਟ ਧਾਲੀਵਾਲ ਨੇ ਦੱਸਿਆ ਕਿ ਮਲਕ ਅਰਜੁਨ ਖੜਗੇ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਸਾਹਨੇਵਾਲ ਵਿਚ ਲੋਕਾਂ ਨਾਲ ਸਿੱਧਾ ਸੰਪਰਕ ਬਣਾ ਕੇ ਉਨ੍ਹਾਂ ਦੇ ਮੁੱਦੇ ਉੱਪਰ ਲਿਆਏ ਜਾ ਰਹੇ ਹਨ, ਤਾਂ ਜੋ ਪਾਰਟੀ ਦੀ ਨੀਤੀ ਅਤੇ ਲੋਕਾਂ ਦੀਆਂ ਉਮੀਦਾਂ ਵਿਚਕਾਰ ਸਾਂਝ ਪੈਦਾ ਕੀਤੀ ਜਾ ਸਕੇ | ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਪੰਜਾਬ ਵਿਚ ਨਵੀਂ ਤਾਕਤ ਨਾਲ ਉਭਰੇਗੀ | ਇਸ ਅਹਿਮ ਮੁਲਾਕਾਤ ਨੂੰ ਸਾਹਨੇਵਾਲ ਹਲਕੇ ਵਿਚ ਕਾਂਗਰਸ ਲਈ ਇਕ ਸਾਕਾਰਾਤਮਕ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨਾਲ ਵਰਕਰਾਂ ਵਿਚ ਨਵਾਂ ਜੋਸ਼ ਪੈਦਾ ਹੋਇਆ ਹੈ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੀਂ ਦਿਸ਼ਾ ਮਿਲੀ ਹੈ |