ਅਟਾਰੀ ਸਰਹੱਦ, 30 ਮਾਰਚ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਅਕਾਲੀ ਦਲ ਅੰਮਿ੍ਤਸਰ ਵਲੋਂ ਬਾਰਡਰ ਖੋਲੋ੍ਹ ਵਪਾਰ ਤੇ ਆਵਾਜਾਈ ਚਲਾਓ ਦੇ ਨਾਅਰੇ 'ਤੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਵਿਚ ਕੀਤੀ ਜਾ ਰਹੀ ਅਟਾਰੀ ਸਰਹੱਦ 'ਤੇ ਵਿਸ਼ਾਲ ਰੈਲੀ ਵਿਚ ਅਟਾਰੀ ਸਰਹੱਦ ਨੂੰ ਪਹਿਲਾਂ ਦੀ ਤਰ੍ਹਾਂ 24 ਘੰਟੇ ਖੋਲ੍ਹਣ ਦੇ ਨਾਲ-ਨਾਲ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰਿਆਂ ਨੂੰ ਕੋਰੀਡੋਰ ਡੇਰਾ ਬਾਬਾ ਨਾਨਕ ਗੁਰਦਾਸਪੁਰ ਰਾਹੀਂ ਜਾਣ ਵਾਲੀਆਂ ਸੰਗਤਾਂ ਨੂੰ ਵੀ ਬਿਨਾਂ ਕਿਸੇ ਦੇਰੀ ਦੇ ਬਿਨਾਂ ਕਿਸੇ ਸ਼ਰਤ ਦੇ ਭਾਰਤ ਸਰਕਾਰ ਨੂੰ ਖੋਲ੍ਹਣਾ ਚਾਹੀਦਾ ਹੈ | ਰੈਲੀ ਵਿਚ ਪੁੱਜੇ ਅਕਾਲੀ ਦਲ ਅੰਮਿ੍ਤਸਰ ਤੋਂ ਸੀਨੀਅਰ ਆਗੂ ਪ੍ਰਧਾਨ ਬੀਬੀ ਮਨਦੀਪ ਕੌਰ ਸੰਧੂ ਲੁਧਿਆਣਾ ਨੇ ਇਹ ਸ਼ਬਦ ਕਹੇ | ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ਤੇ ਹੋਰ ਮੁਲਕਾਂ ਨਾਲ ਮੁੰਬਈ ਅਤੇ ਗੁਜਰਾਤ ਪੋਰਟਾਂ ਰਾਹੀਂ ਖੁੱਲ੍ਹੇ ਆਮ 24 ਘੰਟੇ ਵਪਾਰ ਚਲਾਇਆ ਜਾ ਰਿਹਾ ਹੈ ਮਗਰ ਚੜ੍ਹਦੇ ਪੰਜਾਬ ਭਾਰਤ ਦੀ ਅਟਾਰੀ ਸਰਹੱਦ ਨੂੰ ਬੰਦ ਕਰਕੇ ਪੰਜਾਬ ਦੇ ਲੋਕਾਂ ਨਾਲ ਭਾਰਤ ਸਰਕਾਰ ਵਲੋਂ ਵਿਤਕਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਅੱਜ ਵੀ ਬਿਨਾਂ ਕਿਸੇ ਸ਼ਰਤ ਦੇ ਭਾਰਤ ਨਾਲ ਵਪਾਰ ਤੇ ਚੰਗੇ ਸੰਬੰਧ ਬਣਾਉਣ ਲਈ ਬਿਆਨ ਦੇ ਰਹੀ ਹੈ ਭਾਰਤ ਸਰਕਾਰ ਨੂੰ ਵੀ ਇਸ 'ਤੇ ਗੌਰ ਕਰਨਾ ਚਾਹੀਦਾ ਹੈ |