ਲੁਧਿਆਣਾ, 29 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਮਿੳਾੂਸੀਪਲ ਕਰਮਚਾਰੀ ਦਲ ਦੇ ਇਕ ਵਫ਼ਦ ਵਲੋਂ ਪ੍ਰਧਾਨ ਚੌਧਰੀ ਯਸ਼ਪਾਲ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਨੀਰੂ ਕਤਿਆਲ ਨਾਲ ਮੁਲਾਕਾਤ ਕੀਤੀ ਗਈ | ਇਸ ਦੌਰਾਨ ਕਰਮਚਾਰੀਆਂ ਦੀਆਂ ਵੱਖ ਵੱਖ ਸਮੱਸਿਆਵਾਂ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ 26 ਵਾਰਡਾਂ ਵਿਚ ਸੀਵਰੇਜ ਦਾ ਕੰਮ ਠੇਕੇ 'ਤੇ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ, ਜਿਸ ਨੰੂ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ | ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਠੇਕੇਦਾਰੀ ਪ੍ਰਥਾ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਇਹ ਫ਼ੈਸਲਾ ਉਸ ਦੇ ਉਲਟ ਹੈ | ਉਨਾਂ ਇਹ ਵੀ ਮੰਗ ਕੀਤੀ ਕਿ ਨਗਰ ਨਿਗਮ ਵਿਚ ਆਊਟਸੋਰਸ 'ਤੇ ਕੰਮ ਕਰ ਰਹੇ ਡਾਟਾ ਓਪਰੇਟਰਾਂ ਅਤੇ ਹੋਰ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ | ਇਸ ਤੋਂ ਇਲਾਵਾ ਨਿਗਮ ਵਲੋਂ ਕੂੜੇ ਦੇ ਕੰਪੈਕਟਰਾਂ ਦੇ ਨਾਲ ਓਪਨ ਕਲੈਕਸ਼ਨ ਪੁਆਇੰਟ ਬਣਾਏ ਜਾਣ, ਪੱਕੇ ਕਰਮਚਾਰੀਆਂ ਦੀ ਮੌਤ ਤੋਂ ਬਾਅਦ ਉਨਾਂ ਦੇ ਵਾਰਿਸਾਂ ਨੰੂ ਤੁਰੰਤ ਨੌਕਰੀ ਦਿੱਤੀ ਜਾਵੇ ਅਤੇ ਸਾਰੇ ਕਰਮਚਾਰੀਆਂ ਦਾ ਈ.ਪੀ.ਐਫ. ਅੱਪਡੇਟ ਕੀਤਾ ਜਾਵੇ | ਵਫ਼ਦ ਨੇ ਵਿਸ਼ੇਸ਼ ਤੌਰ 'ਤੇ ਮੰਗ ਕੀਤੀ ਹੈ ਕਿ ਡੋਰ-ਟੂ-ਡੋਰ ਕੂੜਾ ਕਲੈਕਸ਼ਨ ਦਾ ਕੰਮ ਵੀ ਠੇਕੇ 'ਤੇ ਨਾ ਦਿੱਤਾ ਜਾਵੇ, ਕਿਉਂਕਿ ਇਸ ਨਾਲ ਵੱਡੀ ਗਿਣਤੀ ਵਿਚ ਵਾਲਮੀਕੀ ਭਾਈਚਾਰੇ ਦੇ ਲੋਕਾਂ ਦਾ ਰੋਜ਼ਗਾਰ ਪ੍ਰਭਾਵਿਤ ਹੋਵੇਗਾ | ਇਸ ਮੌਕੇ ਦੇਵ ਰਾਜ ਅਸੁਰ, ਲਵ ਦ੍ਰਾਵਿੜ, ਜਤਿੰਦਰ, ਸੰਜੀਵ, ਸ਼ਿਵ ਕੁਮਾਰ, ਦਵਿੰਦਰ ਕਾਕਾ, ਬੰਟੀ, ਟਿੰਕੂ, ਸਰਬਜੀਤ, ਸੁਨੀਲ ਹੰਸ ਆਦਿ ਮੌਜੂਦ ਸਨ |