ਲੁਧਿਆਣਾ, 29 ਅਪ੍ਰੈਲ (ਜਸਵਿੰਦਰ ਸਿੰਘ)-ਐਸੋਸੀਏਸ਼ਨ ਆਫ਼ ਯੂਨਾਈਟਿਡ ਕਾਲਜ ਟੀਚਰਜ਼ ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਧਾਨ ਪ੍ਰੋ. ਤਰੁਣ ਘਈ ਅਤੇ ਜਨਰਲ ਸਕੱਤਰ ਪ੍ਰੋ. ਜਸਪਾਲ ਸਿੰਘ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿੱਖ ਕੇ ਦੱਸਿਆ ਗਿਆ ਹੈ ਕਿ ਤੁਹਾਡੀ ਸਰਕਾਰ ਦੇ ਪੱਤਰ ਰਾਹੀਂ ਪਿ੍ੰਸੀਪਲ, ਐਸ.ਸੀ.ਡੀ. ਸਰਕਾਰੀ ਕਾਲਜ ਨੂੰ ਗੰਭੀਰ ਮਾਮਲਾ ਲਿੱਖ ਕੇ ਭੇਜਿਆ ਗਿਆ ਸੀ, ਜਿਸ ਵਿਚ ਡਾਇਰੈਕਟਰ ਉੱਚ ਸਿੱਖਿਆ ਪੰਜਾਬ ਵਲੋਂ ਉਸ ਕਾਲਜ ਦੇ ਇਕ ਕਥਿਤ ਅਧਿਆਪਕ ਨੂੰ ਦਿੱਤੀਆਂ ਗਈਆਂ ਇੰਕਿ੍ਮੈਂਟਾਂ ਦੀ ਜਾਇਜ਼ਤਾ 'ਤੇ ਸਵਾਲ ਉਠਾਇਆ ਗਿਆ ਸੀ ਅਤੇ ਉਸ ਤੋਂ ਲੱਖਾਂ ਰੁਪਏ ਦੀ ਰਕਮ ਦੀ ਵਸੂਲੀ ਕਰਕੇ ਜਮ੍ਹਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ | ਪ੍ਰੋ. ਘਈ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਲੱਖਾਂ ਰੁਪਿਆਂ ਦੀ ਰਕਮ ਦੀ ਵਸੂਲੀ ਬਕਾਇਆ ਹੋਣ ਦੇ ਬਾਵਜੂਦ ਅਧਿਆਪਕ ਨੂੰ ਉਸੇ ਡਾਇਰੈਕਟੋਰੇਟ ਉੱਚ ਸਿੱਖਿਆ ਪੰਜਾਬ ਵਿਚ ਤੀਜੇ ਡੀ.ਡੀ.ਪੀ.ਆਈ. ਵਜੋਂ ਨਿਯੁਕਤ ਕਰ ਦਿੱਤਾ ਗਿਆ, ਜਿੱਥੇ ਨਿਯਮਾਂ ਮੁਤਾਬਿਕ ਦੋ ਹੀ ਪੋਸਟਾਂ ਹੁੰਦੀਆਂ ਹਨ, ਜਿਸ ਡਾਇਰੈਕਟੋਰੇਟ ਨੇ ਉਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ | ਉਨ੍ਹਾਂ ਦੱਸਿਆ ਕਿ ਅਖ਼ਬਾਰ ਵਿਚ ਪ੍ਰਕਾਸ਼ਿਤ ਖ਼ਬਰ ਦੇ ਅਨੁਸਾਰ ਮੁੱਖ ਮੰਤਰੀ ਨੇ ਅਧਿਆਪਕ ਨੂੰ ਤੁਰੰਤ ਪ੍ਰਭਾਵ ਨਾਲ ਡੀ.ਡੀ.ਪੀ.ਆਈ. ਦੇ ਅਹੁਦੇ ਤੋਂ ਹਟਾਉਣ ਅਤੇ ਉਸ ਦੇ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਸਨ, ਪਰ ਇਸ ਤੋਂ ਬਾਅਦ ਵੀ ਜਦੋਂ ਕਿ ਲੱਖਾਂ ਰੁਪਏ ਦੀ ਵਸੂਲੀ ਅਤੇ ਵਿਜੀਲੈਂਸ ਜਾਂਚ ਦੋਵੇਂ ਹੀ ਲੰਬਿਤ ਹਨ, ਤੁਹਾਡੀ ਸਰਕਾਰ ਵਲੋਂ ਕਥਿਤ ਅਧਿਆਪਕ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਦੇ ਪਿ੍ੰਸੀਪਲ ਵਜੋਂ ਨਿਯੁਕਤ ਕਰ ਦਿੱਤਾ ਗਿਆ, ਜੋ ਕਿ ਇਕ ਵੱਡਾ ਕਾਲਜ ਹੈ ਅਤੇ ਜਿੱਥੇ ਪਿ੍ੰਸੀਪਲ ਦੇ ਅਧਿਕਾਰਾਂ ਨਾਲ ਵੱਡੇ ਆਰਥਿਕ ਮਾਮਲੇ ਵੀ ਜੁੜੇ ਹੋਏ ਹਨ | ਪ੍ਰੋ. ਜਸਪਾਲ ਸਿੰਘ ਨੇ ਦੱਸਿਆ ਕਿ ਅਸੀਂ ਮੁੱਖ ਮੰਤਰੀ ਨੂੰ ਲਿਖਿਆ ਹੈ ਕਿ ਅਧਿਆਪਕ 'ਤੇ ਬਣਦੀ ਕਾਰਵਾਈ ਜਲਦ ਕਰਨ ਦੀ ਬਜਾਏ ਇਸ ਦੇ ਉਲਟ ਉਸ ਬੰਦੇ ਨੂੰ ਇਕ ਵੱਡੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਪਿ੍ੰਸੀਪਲ ਦੇ ਅਹੁਦੇ ਨਾਲ ਜੁੜੀਆਂ ਵਿੱਤੀ ਸ਼ਕਤੀਆਂ ਵੀ ਪ੍ਰਦਾਨ ਕਰ ਦਿੱਤੀਆਂ ਗਈਆਂ ਹਨ, ਜਿਸ ਉੱਤੇ ਲੱਖਾਂ ਰੁਪਏ ਦੀ ਰਿਕਵਰੀ ਲੰਬਿਤ ਹੈ | ਪ੍ਰੋ. ਤਰੁਣ ਘਈ ਨੇ ਦੱਸਿਆ ਅਸੀਂ ਲੰਮੇ ਸਮੇਂ ਤੋਂ ਉੱਚ ਸਿੱਖਿਆ ਮੰਤਰੀ ਦੇ ਧਿਆਨ ਵਿਚ ਇਹ ਮੁੱਦਾ ਲਿਆ ਚੁੱਕੇ ਹਾਂ, ਪਰ ਹੁਣ ਮੁੱਖ ਮੰਤਰੀ ਨੂੰ ਅਪੀਲ ਕਰ ਰਹੇ ਹਾਂ ਕਿ ਅਧਿਆਪਕ ਤੋਂ ਬਕਾਇਆ ਰਕਮ ਦੀ ਵਸੂਲੀ ਤੁਰੰਤ ਕੀਤੀ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਚੱਲ ਰਹੀ ਵਿਜੀਲੈਂਸ ਜਾਂਚ ਦੇ ਨਤੀਜੇ ਵੀ ਜਲਦੀ ਤੋਂ ਜਲਦੀ ਸਰਵਜਨਿਕ ਕੀਤੇ ਜਾਣ |