ਲੁਧਿਆਣਾ, 29 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪੱਖੋਵਾਲ ਰੋਡ ਸਥਿਤ ਸਾਊਥ ਐਂਡ ਗਾਰਡਨ ਮੈਰਿਜ ਪੈਲੇਸ 'ਤੇ ਬੀਤੀ ਰਾਤ ਵਿਆਹ ਦੀ ਪਾਰਟੀ ਦੇ ਬਕਾਇਆ ਪੈਸੇ ਨੂੰ ਲੈ ਕੇ ਲਾੜੇ ਦੇ ਪਿਓ ਅਤੇ ਉਸ ਦੇ ਸਾਥੀਆਂ ਵਲੋਂ ਮੈਰਿਜ ਪੈਲੇਸ ਦੇ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਮਾਲਕ ਦੀ ਗੱਡੀ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਤੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਮੈਰਿਜ ਪੈਲੇਸ ਦੇ ਮੈਨੇਜਰ ਜਸਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਹਰਪਾਲ ਸਿੰਘ ਜੱਸ ਵਾਸੀ ਮਾਣਕਵਾਲ ਰੋਡ ਗੋਪੀ ਕੁਮਾਰ ਦਲੀਪ ਕੁਮਾਰ ਸਨੀ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਮੈਰਿਜ ਪੈਲੇਸ ਵਿਚ ਹਰਪਾਲ ਸਿੰਘ ਦੇ ਬੇਟੇ ਦੀ ਵਿਆਹ ਦੀ ਪਾਰਟੀ ਚੱਲ ਰਹੀ ਸੀ ਅਤੇ ਪਾਰਟੀ ਦੀ ਕੁੱਝ ਰਕਮ ਬਕਾਇਆ ਸੀ, ਜਦੋਂ ਉਸ ਨੇ ਹਰਪਾਲ ਸਿੰਘ ਨੂੰ ਬਕਾਇਆ ਰਕਮ ਜਮ੍ਹਾ ਕਰਵਾਉਣ ਲਈ ਕਿਹਾ ਤਾਂ ਉਹ ਉਸ ਨਾਲ ਉਲਝ ਪਿਆ ਅਤੇ ਆਪਣੇ ਸਾਥੀ ਉੱਥੇ ਬੁਲਾ ਲਏ ਤੇ ਮੈਰਿਜ ਪੈਲੇਸ ਦੇ ਵਰਕਰਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਬਾਅਦ ਵਿਚ ਇਹ ਕਥਿਤ ਦੋਸ਼ੀ ਮਾਲਕ ਸਾਹਿਲ ਅਗਰਵਾਲ ਦੀ ਕਾਰ ਦੀ ਭੰਨਤੋੜ ਕਰਕੇ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਸਾਹਿਲ ਅਗਰਵਾਲ ਆਮ ਆਦਮੀ ਪਾਰਟੀ ਦਾ ਸੀਨੀਅਰ ਆਗੂ ਦੱਸਿਆ ਜਾ ਰਿਹਾ ਹੈ | ਪੁਲਿਸ ਵਲੋਂ ਨਾਮਜ਼ਦ ਦੋਸ਼ੀਆਂ ਦੀ ਭਾਲ ਲਈ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਗਈ ਹੈ |