ਲਾਡੋਵਾਲ, 10 ਮਈ (ਬਲਬੀਰ ਸਿੰਘ ਰਾਣਾ)-ਨੇੜਲੇ ਪਿੰਡ ਮੰਝਫੱਗੂਵਾਲ ਵਿਖੇ ਪਿੰਡ ਦੇ ਛੱਪੜ ਦੇ ਨਾਲ ਲੱਗਦੀ ਅਤੇ ਕੈਲਾਸ਼ ਇੰਟਰਪ੍ਰਾਈਜਜ ਗੈਸ ਏਜੰਸੀ ਦੇ ਸਾਹਮਣੇ ਵਾਲੀ ਸੜਕ ਦਾ ਇਕ ਹਿੱਸਾ ਬਣਾਉਣ ਨੂੰ ਲੈ ਕੇ ਪੰਚਾਇਤ ਅਤੇ ਗੈਸ ਏਜੰਸੀ ਮਾਲਕ ਵਿਚ ਹੋਈ ਤੂੰ-ਤੂੰ, ਮੈਂ-ਮੈਂ ਕਾਰਨ ਪੁਲਿਸ ਵਲੋਂ ਸੜਕ ਬਣਾਉਣ ਦਾ ਕੰਮ ਕੱਲ੍ਹ ਤੱਕ ਬੰਦ ਕਰਵਾ ਦਿੱਤਾ ਗਿਆ | ਇਸ ਮੌਕੇ ਗੈਸ ਏਜੰਸੀ ਦੇ ਮਾਲਕ ਸੁਰੇਸ਼ ਰਾਏ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੇਵਾ ਦੇ ਤੌਰ 'ਤੇ ਆਪਣੀ ਤਰਫੋਂ ਗੈਸ ਏਜੰਸੀ ਦੇ ਸਾਹਮਣੇ ਸੜਕ ਦੇ ਇਕ ਹਿੱਸੇ ਵਿਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਪਿੰਡ ਦੀ ਪੰਚਾਇਤ ਮੌਕੇ 'ਤੇ ਪੁੱਜੀ ਅਤੇ ਮੈਨੂੰ ਕੰਮ ਬੰਦ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਮੇਰੀ ਐਸੀ ਕੋਈ ਮਨਸਾ ਨਹੀਂ ਸੀ ਕਿ ਮੈਂ ਇੰਟਰਲੋਕ ਟਾਈਲਾਂ, ਸੋਲਰ ਲਾਈਟਾਂ ਤੇ ਸੀ.ਸੀ. ਟੀਵੀ ਕੈਮਰੇ ਲਗਾ ਕੇ ਛੱਪੜ ਜਾਂ ਸੜਕ 'ਤੇ ਕਬਜ਼ਾ ਕਰਾਂ, ਮੈਂ ਤਾਂ ਲੋਕ ਸੇਵਾ ਹੀ ਕਰ ਰਿਹਾ ਹਾਂ | ਕਬਜ਼ਾ ਕਰਨ ਵਾਲੇ ਤਾਂ ਛੱਪੜ ਦੀ ਜਗ੍ਹਾ ਵਿਚ ਮਕਾਨ ਬਣਾ ਕੇ ਬੈਠੇ ਹੋਏ ਹਨ ਅਤੇ ਇਕ ਮੈਂ ਹਾਂ, ਜਿਸ ਨੇ ਚਾਰ ਫੁੱਟ ਆਪਣੀ ਜਗ੍ਹਾ ਸੜਕ ਵੱਲ ਛੱਡੀ ਹੋਈ ਹੈ | ਇਸ ਸਬੰਧੀ ਪਿੰਡ ਦੀ ਮਹਿਲਾ ਸਰਪੰਚ ਬੀਬੀ ਪਰਮਜੀਤ ਕੌਰ ਦੇ ਪਤੀ ਸਤਪਾਲ ਸਿੰਘ ਰੱਤੂ ਅਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਜਦ ਛੱਪੜ ਵਾਲੇ ਪਾਸੇ ਬਾਬੂ ਸੁਰੇਸ਼ ਰਾਏ ਭਰਤ ਪਵਾ ਰਿਹਾ ਸੀ, ਤਾਂ ਉਸ ਵਕਤ ਵੀ ਪੰਚਾਇਤ ਵਲੋਂ ਰੋਕਿਆ ਗਿਆ | ਹੁਣ ਵੀ ਕੰਮ ਸ਼ੁਰੂ ਕਰਨ ਵੇਲੇ ਪੰਚਾਇਤ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਹੋਰ ਖੁੱਲ੍ਹੀ ਕਰਨ ਦਾ ਮਾਮਲਾ ਨਹੀਂ ਹੈ, ਇਹ ਸਭ ਕੁੱਝ ਤਾਂ ਕੀਤਾ ਜਾ ਰਿਹਾ ਕਿ ਇੱਥੇ ਏਜੰਸੀ ਦੀਆਂ ਗੱਡੀਆਂ ਖੜੀਆਂ ਕਰਕੇ ਆਪਣਾ ਹੱਕ ਜਮਾਇਆ ਜਾਵੇ | ਉਨ੍ਹਾਂ ਕਿਹਾ ਕਿ ਸੜਕ ਨੂੰ ਚੌੜਾ ਕਰਨ ਜਾਂ ਬਣਾਉਣ ਦਾ ਕੰਮ ਪਿੰਡ ਦੀ ਪੰਚਾਇਤ ਦਾ ਹੈ, ਨਾ ਕਿ ਕਿਸੇ ਪ੍ਰਾਈਵੇਟ ਵਿਅਕਤੀ ਦਾ, ਸੋ ਪਿੰਡ ਵਾਸੀਆਂ ਦਾ ਇਤਰਾਜ਼ ਹੈ ਕਿ ਸੜਕ ਜਿਵੇਂ ਵੀ ਹੈ, ਉਸ ਨੂੰ ਓਵੇਂ ਹੀ ਰਹਿਣ ਦਿੱਤਾ ਜਾਵੇ | ਮੌਕੇ 'ਤੇ ਪੁੱਜੇ ਥਾਣੇਦਾਰ ਕੇਵਲ ਕਿ੍ਸ਼ਨ ਅਤੇ ਗੌਰਵ ਗਰਗ ਨੇ ਮੌਕਾ ਦੇਖਣ ਉਪਰੰਤ ਦੋਵਾਂ ਧਿਰਾਂ ਨੂੰ ਆਪਸ ਵਿਚ ਮਿਲ ਕੇ ਗੱਲਬਾਤ ਕਰਨ ਲਈ ਐਤਵਾਰ ਦਾ ਸਮਾਂ ਦੇ ਕੇ ਕੰਮ ਬੰਦ ਕਰਵਾ ਦਿੱਤਾ | ਇਸ ਮੌਕੇ ਸਤਪਾਲ ਸਿੰਘ ਰੱਤੂ, ਪੰਚ ਨਿਸ਼ਾਨ ਸਿੰਘ, ਹਰਭਜਨ ਸਿੰਘ, ਪੰਚ ਅਮਰਜੀਤ ਸਿੰਘ, ਲਖਵੀਰ ਸਿੰਘ, ਬਾਬੂ ਸੁਰੇਸ਼ ਰਾਏ, ਕਿਰਪਾਲ ਸਿੰਘ ਪਾਲ ਅਤੇ ਹੋਰ ਵੀ ਹਾਜ਼ਰ ਸਨ |