ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਐਂਟੀ ਨਾਰ ਕੋਟਿਕਸ ਟਾਸਕ ਫੋਰਸ ਦੀ ਪੁਲਿਸ ਵਲੋਂ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਅਤੇ ਮਹਿੰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟਾਸਕ ਫੋਰਸ ਦੇ ਏ.ਆਈ.ਜੀ. ਵਸਤਲਾ ਗੁਪਤਾ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਹੈਰੀ ਵਰਮਾ ਉਰਫ ਹੈਰੀ ਪੁੱਤਰ ਰਾਜੇਸ਼ ਕੁਮਾਰ ਵਾਸੀ ਹਰਗੋਬਿੰਦਪੁਰਾ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 29 ਸਾਲ ਦੇ ਕਰੀਬ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿਚ ਸੀ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਇਹ ਨਸ਼ੀਲਾ ਪਦਾਰਥ ਸਪਲਾਈ ਕਰਦਾ ਸੀ | ਬੀਤੇ ਦਿਨ ਹੈਰੀ ਗਿਆਸਪੁਰਾ ਚੌਕ ਨੇੜੇ ਜਾ ਰਿਹਾ ਸੀ ਕਿ ਪੁਲਿਸ ਵਲੋਂ ਲਗਾਏ ਗਏ ਨਾਕੇ ਦੌਰਾਨ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਥਿਤ ਦੋਸ਼ੀ ਨੇ ਆਪਣਾ ਸਕੂਟਰ ਭਜਾ ਲਿਆ ਤੇ ਪਿੱਛਾ ਕਰਨ 'ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ | ਉਸ ਦੇ ਕਬਜ਼ੇ ਵਿਚੋਂ 500 ਗ੍ਰਾਮ ਹੈਰੋਇਨ ਅਤੇ ਮਹਿੰਗਾ ਨਸ਼ੀਲਾ ਪਦਾਰਥ ਆਈਸ ਬਰਾਮਦ ਕੀਤਾ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ | ਪੁਲਿਸ ਵਲੋਂ ਇਹਨਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |