ਲੁਧਿਆਣਾ, 17 ਮਈ (ਡਾ. ਤਰਲੋਚਨ ਸਿੰਘ)-ਸਵ: ਅਮਾਇਰਾ ਸੂਦ ਦੀ ਨਿੱਘੀ ਯਾਦ ਨੂੰ ਸਮਰਪਿਤ ਆਰ.ਐਂਡ ਡੀ. ਕਾਲਜ ਕੈਂਪਸ ਵਿਖੇ 'ਦ ਰੈੱਡ ਫਾਊਾਡੇਸ਼ਨ' ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਵਿਚ 260 ਖ਼ੂਨਦਾਨੀਆਂ ਨੇ ਖੂਨ ਦਾਨ ਕੀਤਾ | ਕੈਂਪ ਵਿਚ ਦਿਆਨੰਦ ਹਸਪਤਾਲ ਦੀ ਟੀਮ ਵਲੋਂ 153 ਯੂਨਿਟ ਅਤੇ ਮੋਹਨ ਦੇਈ ਓਸਵਾਲ ਹਸਪਤਾਲ ਵਲੋਂ 107 ਯੂਨਿਟ ਖੂਨ ਇਕੱਠਾ ਕੀਤਾ ਗਿਆ | ਕੈਂਪ ਦਾ ਉਦਘਾਟਨ ਜਨਰਲ ਮੈਨੇਜਰ ਵਿਨੈ ਕੁਮਾਰ ਸ਼੍ਰੀਵਾਸਤਵ ਵੱਲੋਂ ਕੀਤਾ ਗਿਆ | ਕੈਂਪ ਵਿਚ ਸਵ: ਅਮਾਇਰਾ ਸੂਦ ਦੇ ਪਿਤਾ ਅਨੁਰਾਗ ਸੂਦ ਨੇ ਖੁਦ ਵੀ ਖੂਨਦਾਨ ਕਰਕੇ ਉੱਥੇ ਮੌਜੂਦ ਸਾਰੇ ਲੋਕਾਂ ਅਤੇ ਨੌਜਵਾਨਾਂ ਦਾ ਹੌਸਲਾ ਵਧਾਇਆ | ਇਸ ਮੌਕੇ ਜਨਰਲ ਮੈਨੇਜਰ ਵਿਨੈ ਕੁਮਾਰ ਨੇ ਕਿਹਾ ਕਿ ਕਾਰਪੋਰੇਟ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਸਮਾਜ ਦੀ ਸੇਵਾ ਕਰਨਾ ਸਾਡਾ ਹਮੇਸ਼ਾ ਯਤਨ ਰਹਿੰਦਾ ਹੈ | ਅਜਿਹੇ ਇਨਸਾਨੀਅਤ ਦੇ ਕਾਰਜ ਨਾ ਸਿਰਫ਼ ਸਮਾਜ ਨੂੰ ਇੱਕਜੁੱਟ ਕਰਦੇ ਹਨ, ਸਗੋਂ ਐਮਰਜੈਂਸੀ ਦੇ ਸਮੇਂ ਹਸਪਤਾਲਾਂ ਵਿਚ ਖੂਨ ਦੀ ਕਮੀ ਨੂੰ ਦੂਰ ਕਰਨ ਵਿਚ ਵੀ ਮੀਲ ਪੱਥਰ ਸਾਬਤ ਹੁੰਦੇ ਹਨ | ਅਸੀਂ ਇਸ ਨੇਕ ਕਾਰਜ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ | ਅਨੁਰਾਗ ਸੂਦ ਨੇ ਕਿਹਾ ਕਿ ਆਪਣੀ ਧੀ ਦੀ ਯਾਦ ਵਿਚ ਸਮਾਜ ਲਈ ਕੁਝ ਕਰਨਾ ਸਾਡੇ ਪਰਿਵਾਰ ਲਈ ਬਹੁਤ ਹੀ ਭਾਵੁਕ ਅਤੇ ਮਾਣ ਵਾਲਾ ਪਲ ਹੈ | ਉਨ੍ਹਾਂ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ | ਮੈਂ ਆਰ.ਐਂਡ ਡੀ. ਕਾਲਜ, ਦ ਰੈੱਡ ਫਾਊਾਡੇਸ਼ਨ ਅਤੇ ਉਨ੍ਹਾਂ ਸਾਰੇ ਖੂਨਦਾਨੀਆਂ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਡੀ ਧੀ ਨੂੰ ਇਹ ਸੱਚੀ ਸ਼ਰਧਾਂਜਲੀ ਭੇਟ ਕੀਤੀ | 'ਦ ਰੈੱਡ ਫਾਊਾਡੇਸ਼ਨ' ਦੇ ਸੰਸਥਾਪਕ ਪ੍ਰਧਾਨ ਨਿਪੁਨ ਸ਼ਰਮਾ ਨੇ ਦੱਸਿਆ ਕਿ ਨੌਜਵਾਨਾਂ ਵਿੱਚ ਖੂਨਦਾਨ ਨੂੰ ਲੈ ਕੇ ਅਜਿਹਾ ਉਤਸ਼ਾਹ ਦੇਖਣਾ ਬਹੁਤ ਹੀ ਸੁਖਦ ਅਹਿਸਾਸ ਹੈ | ਸਾਡੀ ਸੰਸਥਾ ਹਮੇਸ਼ਾ ਤੋਂ ਸਿਹਤ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਮੋਹਰੀ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਇੰਨੀ ਵੱਡੀ ਮਾਤਰਾ ਵਿਚ ਖੂਨ ਇਕੱਠਾ ਕਰਨ ਵਿਚ ਸਫਲ ਰਹੇ ਹਾਂ, ਜੋ ਆਉਣ ਵਾਲੇ ਸਮੇਂ ਵਿਚ ਕਈ ਕੀਮਤੀ ਜਾਨਾਂ ਬਚਾਉਣ ਦੇ ਕੰਮ ਆਵੇਗਾ | ਕੈਂਪ ਦੌਰਾਨ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |