ਆਲਮਗੀਰ, 18 ਮਈ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਜਸਪਾਲ ਬਾਂਗਰ ਨਗਰ ਨਿਵਾਸੀਆਂ ਦੇ ਇੱਕ ਵੱਡੇ ਇਕੱਠ ਨੇ ਸਰਪੰਚ ਲਖਵਿੰਦਰ ਸਿੰਘ ਜਸਪਾਲ ਬਾਂਗਰ ਤੇ ਨੌਜਵਾਨ ਸਮਾਜ ਸੇਵੀ ਆਗੂ ਕਰਮਜੀਤ ਸਿੰਘ ਗਿੱਲ ਜਸਪਾਲ ਬਾਂਗਰ ਦੀ ਅਗਵਾਈ ਹੇਠ ਨਹਿਰ ਕਿਨਾਰੇ ਵਿਛਾਈ ਜਾ ਰਹੀ ਪਾਈਪ ਲਾਈਨ ਦਿਖਾਉਂਦੇ ਹੋਏ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਪੀਣ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟ ਤਹਿਤ ਉਕਤ ਪਾਈਪ ਲਾਈਨ ਸਾਡੇ ਪਿੰਡ ਜਸਪਾਲ ਬਾਂਗਰ ਵਿੱਚੋਂ ਦੀ ਲੰਘ ਕੇ ਢੰਡਾਰੀ ਨੂੰ ਜਾਣੀ ਹੈ | ਉਕਤ ਆਗੂਆਂ ਨੇ ਦੱਸਿਆ ਕਿ 580 ਐਮ.ਐਲ.ਡੀ ਸਮਰੱਥਾ ਵਾਲੇ ਸ਼ੁਰੂ ਕੀਤੇ ਪ੍ਰੋਜੈਕਟ ਤਹਿਤ 12 ਤੋਂ 15 ਫੁੱਟ ਦੀ ਡੁੰਘਾਈ ਅਤੇ ਦੋ ਮੀਟਰ ਚੌੜਾਈ ਵਾਲੇ ਪਾਈਪ ਵਿਛਾਏ ਜਾਣੇ ਹਨ ਅਤੇ ਪਿੰਡ ਦੀ ਸੜਕ ਦੀ ਚੌੜਾਈ 12 ਫੁੱਟ ਹੋਣ ਕਰਕੇ ਜਦ ਪਾਈਪ ਲਾਈਨ ਵਿਛਾਉਣ ਵਾਸਤੇ ਜਗ੍ਹਾ ਪੁੱਟੀ ਜਾਵੇਗੀ ਤਾਂ ਸੜਕ ਕਿਨਾਰੇ ਵੱਸਣ ਵਾਲੇ ਲੋਕਾਂ ਦੇ ਘਰ ਡਿੱਗਣ ਦਾ ਖ਼ਤਰਾ ਮੰਡਰਾ ਰਿਹਾ ਹੈ | ਇਸ ਤੋਂ ਇਲਾਵਾ ਪਾਈਪ ਲਾਈਨ ਵਿਛਾਉਣ ਲਈ ਪੁੱਟੀ ਜਾਣ ਵਾਲੀ ਜਗ੍ਹਾ 'ਚੋਂ ਕੱਢੀ ਜਾਣ ਵਾਲੀ ਮਿੱਟੀ ਸਾਈਡਾਂ 'ਤੇ ਸੁੱਟਣ ਨਾਲ ਲੋਕਾਂ ਦੇ ਘਰਾਂ ਦੇ ਰਸਤੇ ਬੰਦ ਹੋ ਜਾਣਗੇ ਅਤੇ ਲੋਕਾਂ ਦਾ ਘਰਾਂ 'ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇਗਾ | ਕਿਉਂਕਿ 12 ਤੋਂ 15 ਫੁੱਟ ਡੂੰਘੀ ਜਗ੍ਹਾ ਪੁੱਟਣ 'ਤੇ ਮਿੱਟੀ ਦੇ ਅੰਬਾਰ ਲੱਗ ਜਾਣਗੇ ਅਤੇ ਸੜਕ 12 ਫੁੱਟ ਚੌੜੀ ਹੋਣ ਕਾਰਨ ਪਾਈਪ ਲਾਈਨ ਵਿਛਾਉਣ ਲਈ ਪੁੱਟੀ ਜਾਣ ਦੀ ਵਜ੍ਹਾ ਨਾਲ ਸਾਈਡਾਂ 'ਤੇ ਜਗ੍ਹਾ ਨਹੀਂ ਬਚੇਗੀ | ਕਰਮਜੀਤ ਸਿੰਘ ਜਸਪਾਲ ਬਾਂਗਰ ਤੇ ਸਰਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਵਲੋਂ ਪਿੰਡ ਵਾਸੀਆਂ ਨਾਲ ਕੀਤੀ ਗਈ ਮੀਟਿੰਗ ਮੌਕੇ ਅਧਿਕਾਰੀਆਂ ਨੇ ਪਾਈਪ ਲਾਈਨ ਵਾਲੇ ਰਸਤੇ ਦੀ ਸੜਕੀ ਆਵਾਜਾਈ ਇਕ ਮਹੀਨੇ ਲਈ ਬੰਦ ਕਰਨ ਬਾਰੇ ਦੱਸਿਆ ਸੀ | ਉਕਤ ਆਗੂਆਂ ਨੇ ਕਿਹਾ ਕਿ 12 ਤੋਂ 15 ਫੁੱਟ ਡੂੰਘਾਈ 'ਤੇ ਪਾਈ ਜਾਣ ਵਾਲੀ ਪਾਈਪ ਲਾਈਨ ਕਾਰਨ ਪਿੰਡ ਦੀ ਸੀਵਰੇਜ ਪ੍ਰਣਾਲੀ ਅਤੇ ਵਾਟਰ ਸਪਲਾਈ ਲਾਈਨਾਂ ਵੀ ਪ੍ਰਭਾਵਿਤ ਹੋਣਗੀਆਂ, ਜਿਸ ਸਬੰਧੀ ਅਧਿਕਾਰੀਆਂ ਨੇ ਕੋਈ ਵੀ ਸਥਿਤੀ ਸਪਸ਼ਟ ਨਹੀਂ ਕੀਤੀ ਹੈ | ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਲੁਧਿਆਣਾ ਤੋਂ ਜ਼ੋਰਦਾਰ ਸ਼ਬਦਾਂ 'ਚ ਮੰਗ ਕਰਦੇ ਹੋਏ ਕਿਹਾ ਕਿ ਉਕਤ ਪਾਈਪ ਲਾਈਨ ਆਬਾਦੀ ਤੋਂ ਬਾਹਰ ਖੇਤਾਂ 'ਚ ਦੀ ਕੱਢਣ ਸੰਬੰਧੀ ਰਣਨੀਤੀ ਬਣਾਈ ਜਾਵੇ ਤਾਂ ਜੋ ਪਿੰਡ ਦੇ ਗ਼ਰੀਬ ਵਰਗ ਆਪਣੇ ਮਕਾਨ ਡਿੱਗਣ ਦੇ ਖ਼ਤਰੇ ਤੋਂ ਸੁਰਖ਼ਰੂ ਹੋ ਸਕਣ | ਇਸ ਮੌਕੇ ਕਮਲ, ਗੁਰਿੰਦਰ ਸਿੰਘ, ਦਿਲਬਾਗ ਸਿੰਘ ਜਾਨੀ, ਬਲਵੀਰ ਸਿੰਘ, ਕੁਲਵੀਰ ਸਿੰਘ ਪੰਚ, ਕਬੀਰ ਸਿੰਘ, ਸੰਦੀਪ ਸਿੰਘ, ਸੁਖਬੀਰ ਸਿੰਘ ਪੰਚ, ਬਲਜੀਤ ਸਿੰਘ ਪੰਚ, ਲੰਬੜਦਾਰ ਲਖਵਿੰਦਰ ਸਿੰਘ ਹੈਪੀ, ਮੋਹਨ ਸਿੰਘ, ਗੁਰੀ ਗਿੱਲ, ਦਲਜਿੰਦਰ ਸਿੰਘ ਟੋਨੀ, ਰਣਧੀਰ ਸਿੰਘ, ਹਰਬੰਸ ਸਿੰਘ, ਅਜਮੇਰ ਸਿੰਘ, ਪਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
ਪੀਣ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਵਿਛਾਈ ਜਾ ਰਹੀ ਪਾਈਪ ਲਾਈਨ ਦਾ ਜਸਪਾਲ ਬਾਂਗਰ ਨਿਵਾਸੀਆਂ ਨੇ ਪ੍ਰਗਟਾਇਆ ਰੋਸ <br/>
ਅਜੀਤ ਡੈਸਕ
19-05-2026