ਲੁਧਿਆਣਾ, 18 ਮਈ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਕ ਰਸਮੀ ਸਮਾਰੋਹ ਦੌਰਾਨ ਪੀ.ਏ.ਯੂ. ਦੇ ਸਵਿਮਿੰਗ ਪੂਲ ਨੂੰ ਗਰਮੀਆਂ ਦੇ ਮੌਜੂਦਾ ਸੀਜ਼ਨ ਲਈ ਖੋਲ੍ਹਣ ਦਾ ਐਲਾਨ ਕੀਤਾ | ਡਾ. ਗੋਸਲ ਨੇ ਇਸ ਦੌਰਾਨ ਕਿਹਾ ਕਿ ਸਵਿਮਿੰਗ ਪੂਲ ਨੂੰ ਵਿਦਿਆਰਥੀਆਂ ਅਤੇ ਹੋਰ ਲੋਕਾਂ ਲਈ ਖੋਲਿ੍ਹਆ ਜਾਣਾ ਫਿਟਨੈੱਸ ਅਤੇ ਸਿਹਤ ਸੰਬੰਧੀ ਜਾਗਰੂਕਤਾ ਦੇ ਨਜ਼ਰੀਏ ਤੋਂ ਅਹਿਮ ਪੜਾਅ ਹੁੰਦਾ ਹੈ | ਉਨ੍ਹਾਂ ਕਿਹਾ ਕਿ ਉਹ ਰਾਸ਼ਟਰੀ ਪੱਧਰ 'ਤੇ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦੇ ਹਨ ਅਤੇ ਉਨ੍ਹਾਂ ਨੇ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਇਸ ਸਮਾਰੋਹ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਆਸ ਪ੍ਰਗਟਾਈ ਕਿ ਗਰਮ ਰੁੱਤ ਵਿਚ ਵਿਦਿਆਰਥੀ ਆਪਣੀ ਫਿਟਨੈੱਸ ਲਈ ਇਸ ਸਵਿਮਿੰਗ ਪੂਲ ਦਾ ਲਾਭ ਉਠਾਉਣਗੇ | ਪੀ.ਏ.ਯੂ. ਦੇ ਤੈਰਾਕੀ ਕੋਚ ਅਜੇ ਸ਼ਰਮਾ ਨੇ ਦੱਸਿਆ ਕਿ ਇਹ ਸਵਿਮਿੰਗ ਪੂਲ ਪੀ.ਏ.ਯੂ. ਤੋਂ ਇਲਾਵਾ ਲੁਧਿਆਣਾ ਦੇ ਆਮ ਲੋਕਾਂ ਲਈ ਵੀ ਸੇਵਾਵਾਂ ਮੁਹੱਈਆ ਕਰਵਾਏਗਾ | ਉਨ੍ਹਾਂ ਇਹ ਵੀ ਕਿਹਾ ਕਿ ਇਸ ਪੂਲ ਵਿਚ ਓਲੰਪਿਕ ਪੱਧਰ ਦੇ ਮਿਆਰ ਨਿਰਧਾਰਿਤ ਕੀਤੇ ਗਏ ਹਨ, ਜਿਸ ਨਾਲ ਤੈਰਾਕੀ ਦੀ ਸਿਖਲਾਈ ਲੈਣ ਵਾਲਿਆਂ ਨੂੰ ਸੁਵਿਧਾ ਹੋ ਸਕੇ | ਇਸ ਮੌਕੇ ਡਾ. ਰੁਪਿੰਦਰ ਕੌਰ, ਡਾ. ਹਰਮੀਤ ਸਿੰਘ ਕਿੰਗਰਾ, ਡਾ. ਸੁਖਬੀਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਧਰਮਿੰਦਰ ਸਿੰਘ ਅਤੇ ਡਾ. ਗਗਨਦੀਪ ਕੌਰ ਮੌਜੂਦ ਸਨ |