ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)-ਜਮਾਲਪੁਰ ਇਲਾਕੇ ਤੋਂ ਲਾਪਤਾ ਹੋਈਆਂ ਤਿੰਨ ਨਾਬਾਲਗ ਲੜਕੀਆਂ ਨੂੰ ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ ਬਰਾਮਦ ਕਰਕੇ ਮਾਪਿਆ ਹਵਾਲੇ ਕੀਤਾ ਹੈ | ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਪਿੰਡ ਕੁਲੀਏਵਾਲ ਵਿਖੇ ਤਿੰਨ ਦਿਨ ਪਹਿਲਾਂ ਇਹ ਲੜਕੀਆਂ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਈਆਂ ਸਨ | ਲੜਕੀਆਂ ਦੇ ਮਾਪਿਆਂ ਨੇ ਉਨ੍ਹਾਂ ਦੀ ਕਾਫੀ ਭਾਲ ਕੀਤੀ ਪਰ ਉਨ੍ਹਾਂ ਦਾ ਕਿਧਰੇ ਪਤਾ ਨਾ ਲੱਗਿਆ ਤਾਂ ਇਸ ਸਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਗਈ | ਪੁਲਿਸ ਵਲੋਂ ਇਸ ਮਾਮਲੇ ਵਿਚ ਪਹਿਲਾਂ ਹੀ ਕੇਸ ਦਰਜ ਕਰ ਲਿਆ ਸੀ | ਲਗਾਤਾਰ ਪੁਲਿਸ ਵਲੋਂ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਹੁਣ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਪਿੰਡ ਢਕਾਹਾ ਤੋਂ ਬਰਾਮਦ ਕੀਤਾ ਗਿਆ | ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਐਸਐਚਓ ਪ੍ਰਮੋਦ ਰਾਜ ਨੇ ਦੱਸਿਆ ਕਿ ਇਹ ਲੜਕੀਆਂ ਆਪਣੇ ਪਿੰਡ ਚਲੀਆਂ ਗਈਆਂ ਸਨ | ਇਨ੍ਹਾਂ ਵਿੱਚੋਂ ਇਕ ਲੜਕੀ ਲੁਧਿਆਣਾ ਨਹੀਂ ਰਹਿਣਾ ਚਾਹੁੰਦੀ ਸੀ | ਉਨ੍ਹਾਂ ਦੱਸਿਆ ਕਿ ਬੱਚਿਆਂ ਸਹੀ ਸਲਾਮਤ ਹਨ ਅਤੇ ਇਨ੍ਹਾਂ ਨੂੰ ਕਾਨੂੰਨੀ ਕਾਰਵਾਈ ਮੁਕੰਮਲ ਕਰਨ ਉਪਰੰਤ ਮਾਪਿਆਂ ਹਵਾਲੇ ਕੀਤਾ ਜਾਵੇਗਾ |