ਲੁਧਿਆਣਾ, 7 ਜੂਨ (ਪਰਮਿੰਦਰ ਸਿੰਘ ਆਹੂਜਾ)-ਐਤਵਾਰ ਨੂੰ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਦੁਆਰਾ ਸਾਰੇ ਵਿਧਾਨ ਸਭਾ ਹਲਕਿਆਂ ਦੇ 2,927 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ ਤਾਂ ਜੋ ਪ੍ਰੀ-ਐਸ.ਆਈ.ਆਰ. ਵੋਟਰ ਮੈਪਿੰਗ ਅਧੀਨ ਬਾਕੀ ਵੋਟਰਾਂ ਦੀ ਮੈਪਿੰਗ ਦੀ ਪ੍ਰਗਤੀ ਨੂੰ ਤੇਜ਼ ਕੀਤਾ ਜਾ ਸਕੇ | ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ ਨੇ ਬੀ.ਐਲ.ਓਜ਼ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ 'ਤੇ ਨਿਰੀਖਣ ਕੀਤਾ ਅਤੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਵੋਟਰ ਮੈਪਿੰਗ ਦੇ ਕੰਮ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਬਾਜਵਾ ਨਗਰ ਨੇੜੇ ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿਖੇ ਲੁਧਿਆਣਾ ਸੈਂਟਰਲ ਅਧੀਨ ਬੂਥ ਨੰਬਰ 2, 3 ਅਤੇ 4 ਦਾ ਦੌਰਾ ਕੀਤਾ | ਲੁਧਿਆਣਾ ਪੱਛਮੀ ਅਧੀਨ ਬੂਥ ਨੰਬਰ 52, 53, 54, 55 ਅਤੇ 56 ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 5, ਕਾਲਜ ਰੋਡ, ਸਿਵਲ ਲਾਈਨਜ਼ ਵਿਧਾਨ ਸਭਾ ਚੋਣ ਹਲਕਾ 65-ਲੁਧਿਆਣਾ ਉੱਤਰੀ ਦੇ ਬੂਥ ਨੰਬਰ 132, 133, 134, 135 ਅਤੇ 136 ਸਰਕਾਰੀ ਹਾਈ ਸਕੂਲ ਕੁੰਦਨਪੁਰੀ ਵਿਖੇ ਦੌਰਾ ਕੀਤਾ ਗਿਆ | ਇਨ੍ਹਾਂ ਬੂਥਾਂ 'ਤੇ ਸਾਰੇ ਬੀ.ਐਲ.ਓ ਮੌਜੂਦ ਪਾਏ ਗਏ | ਪੂਨਮ ਸਿੰਘ ਨੇ ਬੀ.ਐਲ.ਓਜ਼ ਨੂੰ ਵੋਟਰ ਮੈਪਿੰਗ ਦੇ ਯਤਨਾਂ ਨੂੰ ਵਧਾਉਣ ਅਤੇ ਵੋਟਰਾਂ ਤੱਕ ਪਹੁੰਚ ਕਰਨ ਦੇ ਨਿਰਦੇਸ਼ ਦਿੱਤੇ | ਇਸ ਤੋਂ ਇਲਾਵਾ ਮੈਪਿੰਗ ਨਾ ਕੀਤੇ ਗਏ ਵੋਟਰਾਂ ਦੀ ਸੂਚੀ ਬੂਥ ਲੈਵਲ ਏਜੰਟਾਂ (ਬੀ.ਐਲ.ਏ) ਅਤੇ ਸਥਾਨਕ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਾਂਝੀ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ | ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੁਆਰਾ ਨਿਯੁਕਤ ਬੀ.ਐਲ.ਏ. ਅਤੇ ਸਥਾਨਕ ਕੌਂਸਲਰ ਵੀ ਮੌਜੂਦ ਸਨ | ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਬੀ.ਐਲ.ਏਜ਼ ਅਤੇ ਕੌਂਸਲਰਾਂ ਨੂੰ ਬੀ.ਐਲ.ਓਜ਼ ਦੀ ਸਹਾਇਤਾ ਕਰਨ ਅਤੇ ਗੈਰ-ਮੈਪ ਕੀਤੇ ਵੋਟਰਾਂ ਦੀ ਮੈਪਿੰਗ ਵਿਚ ਮਦਦ ਕਰਨ ਲਈ ਵੀ ਕਿਹਾ ਗਿਆ |