ਲੁਧਿਆਣਾ, 10 ਜੂਨ (ਜਤਿੰਦਰ ਭੰਬੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਪੀ.ਏ.ਯੂ. ਕਿਸਾਨ ਕਲੱਬ 'ਚ ਕਿਸਾਨ ਬੀਬੀਆਂ ਲਈ ਇੱਕ ਰੋਜ਼ਾ ਮਹੀਨਾਵਾਰ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ 'ਤੇ ਕਿਸਾਨ ਕਲੱਬ ਕਿਸਾਨ ਬੀਬੀਆਂ ਦੀ ਸਿਖਲਾਈ ਲਈ ਉਨ੍ਹਾਂ ਦੇ ਕੋਆਰਡੀਨੇਟਰ ਡਾ. ਰੁਪਿੰਦਰ ਕੌਰ (ਸਹਿਯੋਗੀ ਨਿਰਦੇਸ਼ਕ) ਨੇ ਦੱਸਿਆ ਕਿ ਇਸ ਕੈਂਪ ਵਿਚ 60 ਕਿਸਾਨ ਬੀਬੀਆਂ ਨੇ ਭਾਗ ਲਿਆ | ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਅਤੇ ਕਿਸਾਨ ਕਲੱਬ ਦੇ ਮੈਂਬਰਾਂ ਨੂੰ ਜੀ ਆਇਆ ਕਿਹਾ | ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਡਾ. ਜਗਬੀਰ ਕੌਰ ਰਹਿਲ ਨੇ ਆਮ ਪੰਨਾ, ਅੰਬ ਦੀ ਚੱਟਨੀ ਅਤੇ ਮਿਕਸ ਫਰੂਟ ਜੈਮ ਬਣਾਉਣ ਦੀ ਜਾਣਕਾਰੀ ਪ੍ਰੈਕਟੀਕਲ ਤਰੀਕੇ ਨਾਲ ਸਾਂਝੀ ਕੀਤੀ | ਕਿਸਾਨ ਬੀਬੀਆਂ ਨੇ ਬੜੇ ਉਤਸ਼ਾਹ ਨਾਲ ਇਸ ਕੈਂਪ ਵਿਚ ਭਾਗ ਲਿਆ ਅਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ | ਮੈਡਮ ਕੰਵਲਜੀਤ ਕੌਰ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਕਰਵਾਏ ਜਾਣ ਵਾਲੇ ਵੱਖ-ਵੱਖ ਸਿਖਲਾਈ ਕੋਰਸਾਂ ਬਾਰੇ ਚਾਨਣਾ ਪਾਇਆ ਅਤੇ ਡਾ. ਕੁਲਵੀਰ ਕੌਰ ਨੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਅਤੇ ਸਾਰੀਆਂ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ |