ਲੁਧਿਆਣਾ, 16 ਜੂਨ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਵਲੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਅੱਜ ਬੁੱਧਵਾਰ ਮੁੱਖ ਮੰਤਰੀ ਦੇ ਪੁਤਲੇ ਵੀ ਸਾੜੇ ਜਾਣਗੇ ਅਤੇ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਲੁਧਿਆਣਾ ਦੇ ਅਬਜ਼ਰਵਰ ਪ੍ਰਿਥੀਪਾਲ ਸਿੰਘ ਬਟਾਲਾ ਮੈਂਬਰ ਕੋਟ ਕਮੇਟੀ, ਜਥੇ: ਜਸਵੰਤ ਸਿੰਘ ਚੀਮਾ, ਜਥੇ. ਹਰਪਾਲ ਸਿੰਘ ਕੋਹਲੀ, ਰਾਜੀਵ ਕੁਮਾਰ ਲਵਲੀ, ਮਲਕੀਤ ਸਿੰਘ ਬੱਲ, ਜਥੇ: ਰਛਪਾਲ ਸਿੰਘ ਪਮਾਲ, ਇੰਦਰਜੀਤ ਸਿੰਘ ਐਡਵੋਕੇਟ, ਬਲਰਾਜ ਸਿੰਘ ਧਾਲੀਵਾਲ, ਹਨੀ ਸਿੰਗਲਾ, ਜਸਵਿੰਦਰ ਸਿੰਘ ਲਲਤੋਂ, ਹਰਭਜਨ ਸਿੰਘ ਇਆਲੀ, ਕੁਲਦੀਪ ਸਿੰਘ ਕੋਹਲੀ, ਪ੍ਰਿਤਪਾਲ ਸਿੰਘ ਰੋੜ, ਪਰਮਜੀਤ ਸਿੰਘ ਕੌੜੀ, ਮਨਜੀਤ ਸਿੰਘ ਚਾਵਲਾ, ਕੁਲਵਿੰਦਰ ਸਿੰਘ ਚੰਦੀ, ਅਜਮੇਰ ਸਿੰਘ ਕਲੇਰ, ਜਸਬੀਰ ਸਿੰਘ ਜਗਰਾਉਂ, ਤਜਿੰਦਰਦੀਪ ਸਿੰਘ, ਪ੍ਰਭਦੀਪ ਸਿੰਘ ਭੋਲਾ ਮੰਗਲੀ, ਧਲਵਿੰਦਰ ਸਿੰਘ ਧਾਲੀਆਂ, ਬਾਬਾ ਹਰਜੀਤ ਸਿੰਘ ਰਾਏਕੋਟ, ਦਰਸ਼ਨ ਸਿੰਘ ਭਾਗਪੁਰ, ਜਗਸੀਰ ਸਿੰਘ ਲੁਧਿਆਣਾ ਅਤੇ ਰਜਿੰਦਰ ਸਿੰਘ ਜਵੱਦੀ ਆਦਿ ਸ਼ਾਮਿਲ ਹੋਏ। ਸਾਰਿਆਂ ਨੇ ਇਕ ਸਾਂਝੇ ਬਿਆਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਪੰਜ ਸਿੰਘ ਸਾਹਿਬਾਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਜਾਰੀ ਕੀਤੇ ਹੁਕਮਨਾਮੇ ਦੀ ਸਰਾਹਨਾ ਕੀਤੀ ਅਤੇ ਹੁਕਮਨਾਮੇ ‘ਤੇ ਪਾਰਟੀ ਵਲੋਂ ਪਹਿਰਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੁਰੂ ਸਾਹਿਬ ਦਾ ਘੋਰ ਅਪਮਾਨ ਕੀਤਾ ਗਿਆ ਹੈ, ਜੋ ਕਿ ਮੁਆਫ਼ੀ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਨੂੰ ਤੁਰੰਤ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨਾ ਚਾਹੀਦਾ ਹੈ। ਪਾਰਟੀ ਵਲੋਂ ਬੁੱਧਵਾਰ ਨੂੰ 11 ਵਜੇ ਪੰਜਾਬ ਦੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਮੂਹਰੇ ਮੁੱਖ ਮੰਤਰੀ ਦੇ ਪੁਤਲੇ ਸਾੜਨ ਅਤੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰੀ ਦਿਹਾਤੀ ਖੰਨਾ ਦਿਹਾਤੀ ਜਗਰਾਉਂ ਵਲੋਂ ਵੀ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਮੰਗ ਪੱਤਰ ਦਿੱਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੁੱਖ ਮੰਤਰੀ ਤੇ ਅਪਰਾਧਿਕ ਮਾਮਲਾ ਦਰਜ ਕਰਨ ਦੀ ਕੀਤੀ ਮੰਗ
ਅਜੀਤ ਡੈਸਕ
17-06-2026