ਆਲਮਗੀਰ, 16 ਜੂਨ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਹਾੜ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਵਲੋਂ ਗੁਰੂ ਜਸ ਗਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਜੋੜਾ ਘਰ ਦੇ ਸੇਵਾਦਾਰਾਂ ਸਰਬਜੀਤ ਸਿੰਘ ਛਾਪਾ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ, ਜਸਕਰਨ ਸਿੰਘ, ਅਵਤਾਰ ਸਿੰਘ, ਗੁਜਰਪਾਲ ਸਿੰਘ, ਪ੍ਰਭਜੋਤ ਸਿੰਘ ਨੇ ਗੁਰੂ ਘਰ ਆਉਣ ਵਾਲੀ ਸੰਗਤ ਦੀ ਸੇਵਾ ਵਿਚ ਠੰਡੀ ਲੱਸੀ ਦੇ ਲੰਗਰ ਲਗਾ ਕੇ ਸੇਵਾ ਦੇ ਸਿਧਾਂਤ ਨੂੰ ਉਜਾਗਰ ਕੀਤਾ। ਇਸ ਮੌਕੇ ਸਰਬਜੀਤ ਸਿੰਘ ਛਾਪਾ ਨੇ ਦੱਸਿਆ ਕਿ ਪੈ ਰਹੀ ਭਿਆਨਕ ਗਰਮੀ ਨੂੰ ਮੁੱਖ ਰੱਖਦੇ ਹੋਏ ਸੇਵਾਦਾਰਾਂ ਨੇ ਫ਼ੈਸਲਾ ਕੀਤਾ ਹੈ ਕਿ ਹਰ ਸੰਗਰਾਂਦ ਵਾਲੇ ਦਿਨ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਵਿਚ ਲੱਸੀ ਦੇ ਲੰਗਰ ਲਗਾਏ ਜਾਣਗੇ। ਸੰਗਰਾਂਦ ਦਿਹਾੜੇ ਮੌਕੇ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਲਈ ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਦੀ ਦੇਖਰੇਖ ਹੇਠ ਲੰਗਰ, ਪ੍ਰਸ਼ਾਦ ਅਤੇ ਹੋਰ ਸੇਵਾਵਾਂ ਦੇ ਉਚਿਤ ਪ੍ਰਬੰਧ ਦੇਖਣ ਨੂੰ ਮਿਲੇ। ਇਸ ਮੌਕੇ ਰਿਕਾਰਡ ਕੀਪਰ ਤਲਵਿੰਦਰ ਸਿੰਘ ਮੁਲਤਾਨੀ, ਅਮਨਦੀਪ ਸਿੰਘ, ਸਿਕੰਦਰ ਸਿੰਘ ਚੁਬਕੀ, ਰਵਿੰਦਰ ਸਿੰਘ, ਜਰਨੈਲ ਸਿੰਘ, ਦਲੇਰ ਸਿੰਘ, ਦਿਲਪ੍ਰੀਤ ਸਿੰਘ ਸਮੇਤ ਹੋਰ ਵੀ ਸੇਵਾਦਾਰ ਹਾਜ਼ਰ ਸਨ।
ਸੰਗਰਾਂਦ ਦਿਹਾੜੇ ਮੌਕੇ ਗੁਰਦੁਆਰਾ ਆਲਮਗੀਰ ਵਿਖੇ ਲੱਸੀ ਦੇ ਲੰਗਰ ਲਗਾਏ
ਅਜੀਤ ਡੈਸਕ
17-06-2026