15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹੋਏ ਸੜਕ ਹਾਦਸੇ ਸੰਬੰਧੀ 18 ਸਾਲਾ ਨੌਜਵਾਨ ਕਾਬੂ, ਕਾਰ ਬਰਾਮਦ

ਅਜੀਤ ਡੈਸਕ 06-07-2026

ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਾਡਲ ਟਾਊਨ ਐਕਸਟੈਨਸ਼ਨ ਸੜਕ ’ਤੇ ਬੀਤੇ ਦਿਨ ਹੋਏ ਸੜਕ ਹਾਦਸੇ ਦੇ ਮਾਮਲੇ ਵਿਚ ਪੁਲਿਸ ਨੇ 18 ਸਾਲ ਦੇ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਕਾਰ ਬਰਾਮਦ ਕੀਤੀ ਹੈ। ਇਸ ਸੜਕ ਹਾਦਸੇ ਵਿਚ ਸੈਰ ਕਰ ਰਹੀ ਇਕ ਔਰਤ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਮਾਡਲ ਹਾਊਸ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਆਪਣੀ ਸਹੇਲੀ ਮੀਤੂ ਨਾਲ ਸੜਕ ’ਤੇ ਸੈਰ ਕਰ ਰਹੀ ਸੀ ਕਿ ਇਕ ਤੇਜ਼ ਰਫ਼ਤਾਰ ਦੀ ਕਾਰ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ। ਸਿੱਟੇ ਵਜੋਂ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ। ਦੋਵਾਂ ਨੂੰ ਨੇੜਲੇ ਦੀਪ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਹਰਪ੍ਰੀਤ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਰਪ੍ਰੀਤ ਕੌਰ ਦੀ ਉਮਰ 53 ਸਾਲ ਦੇ ਕਰੀਬ ਸੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਦਿਖਾਇਆ ਗਿਆ ਸੀ ਕਿ ਇਕ ਤੇਜ਼ ਰਫ਼ਤਾਰ ਦੀ ਡਿਜ਼ਾਇਰ ਕਾਰ ਦੇ ਚਾਲਕ ਨੇ ਇਹਨਾਂ ਦੋਵਾਂ ਔਰਤਾਂ ਨੂੰ ਲਪੇਟ ਵਿਚ ਲੈ ਲਿਆ ਅਤੇ ਕਾਫ਼ੀ ਦੂਰ ਤੱਕ ਇਹਨਾਂ ਨੂੰ ਘਸੀਟਦਾ ਹੋਇਆ ਨਾਲ ਲੈ ਗਿਆ। ਅੱਖੀਂ ਦੇਖਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ ’ਤੇ ਜਾ ਰਹੀਆਂ ਇਨ੍ਹਾਂ ਔਰਤਾਂ ਦੇ ਵਿਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਔਰਤਾਂ ਕਾਫ਼ੀ ਉੱਚੀ ਉਛਲ ਗਈਆਂ, ਫਿਰ ਵੀ ਕਾਰ ਦੇ ਚਾਲਕ ਨੇ ਕਾਰ ਨਹੀਂ ਰੋਕੀ ਅਤੇ ਉਥੋਂ ਫ਼ਰਾਰ ਹੋ ਗਿਆ ਸੀ। ਮ੍ਰਿਤਕ ਹਰਪ੍ਰੀਤ ਕੌਰ ਦਾ ਪਤੀ ਐਮ.ਪੀ. ਸਿੰਘ ਪ੍ਰਾਪਰਟੀ ਕਾਰੋਬਾਰੀ ਹੈ ਅਤੇ ਉਸ ਦੀ ਮਾਡਲ ਟਾਊਨ ਵਿਖੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਵੀ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਪਹਿਲਾਂ ਹੀ ਕੇਸ ਦਰਜ ਕਰ ਲਿਆ ਸੀ ਅਤੇ ਹੁਣ ਇਸ ਮਾਮਲੇ ਵਿਚ ਪੁਲਿਸ ਨੇ ਕਾਰ ਚਾਲਕ ਅਮਨ ਕੁਮਾਰ ਵਾਸੀ ਅਬਦੁੱਲਾਪੁਰ ਬਸਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਉਕਤ ਨੌਜਵਾਨ ਕਾਰ ’ਤੇ ਰੀਲ ਬਣਾ ਰਿਹਾ ਸੀ ਕਿ ਉਹ ਕਾਰ ਦਾ ਸੰਤੁਲਨ ਗੁਆ ਬੈਠਾ ਅਤੇ ਸੜਕ ’ਤੇ ਜਾ ਰਹੀਆਂ ਔਰਤਾਂ ਨੂੰ ਲਪੇਟ ਵਿਚ ਲੈ ਲਿਆ। ਪੁਲਿਸ ਵਲੋਂ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ ਔਰਤਾਂ ਹਰ ਰੋਜ਼ ਸਵੇਰ ਦੀ ਸੈਰ ਲਈ ਜਾਂਦੀਆਂ ਸਨ। ਇਹ ਦੋਵੇਂ ਔਰਤਾਂ ਬਾਬਾ ਦੀਪ ਸਿੰਘ ਗੁਰਦੁਆਰਾ ਚੌਕ ਤੋਂ ਕ੍ਰਿਸ਼ਨਾ ਮੰਦਰ ਵੱਲ ਪੈਦਲ ਜਾ ਰਹੀਆਂ ਸਨ, ਜਿੱਥੇ ਇਹ ਘਟਨਾ ਵਾਪਰੀ। ਪੁਲਿਸ ਨੇ ਕਾਰ ਵੀ ਕਬਜ਼ੇ ਵਿਚ ਲੈ ਲਈ ਹੈ।

ਪਿਛਲੀ ਖ਼ਬਰ ਜਿੰਮ ਪ੍ਰਬੰਧਕਾਂ ’ਤੇ ਲਾਪਰਵਾਹੀ ਦੇ ਦੋਸ਼ ਲਗਾ ਕੇ ਲੋਕਾਂ ਨੇ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਜਿੰਮ ਵਿਚ ਜ਼ਿਆਦਾ ਕਸਰਤ ਕਰਨ ਨਾਲ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।