12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਬਹਾਦਰ ਕੇ ਵਿਖੇ ਸੜਕ ਵਿਚ ਖੜ੍ਹੇ ਪਾਣੀ ’ਚ ਝੋਨਾ ਲਾ ਕੇ ਲੋਕਾਂ ਕੀਤਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਜੀਤ ਡੈਸਕ 13-07-2026

ਲਾਡੋਵਾਲ, 12 ਜੁਲਾਈ (ਬਲਬੀਰ ਸਿੰਘ ਰਾਣਾ)-ਕਿਸੇ ਵੀ ਪਿੰਡ ਨੂੰ ਜਾਣ ਵਾਲੀ ਸੜਕ ਅਤੇ ਪਿੰਡ ਵਿਚਲੀਆਂ ਗਲੀਆਂ ਨੂੰ ਦੇਖ ਕੇ ਉਸ ਪਿੰਡ ਦੇ ਹਾਲਾਤਾਂ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਪਿੰਡ ਕਿੰਨਾ ਕੁ ਤਰੱਕੀ ਵਲ ਵੱਧ ਰਿਹਾ ਹੈ। ਹਲਕਾ ਗਿੱਲ ਅਧੀਨ ਆਉਂਦੇ ਪਿੰਡ ਬਹਾਦਰ ਕੇ ਨੂੰ ਜਾਣ ਵਾਲੀ ਮੁੱਖ ਸੜਕ ਦੇ ਹਾਲਤ ਪਿਛਲੇ 2-3 ਸਾਲਾਂ ਤੋਂ ਬਹੁਤ ਹੀ ਬਦ ਤੋਂ ਬਦਤਰ ਹੋ ਚੁੱਕੇ ਹਨ, ਜਿਸ ਵੱਲ ਪੰਜਾਬ ਸਰਕਾਰ ਅਤੇ ਨਗਰ ਨਿਗਮ ਦਾ ਬਿਲਕੁਲ ਵੀ ਧਿਆਨ ਨਹੀਂ ਹੈ, ਜਦਕਿ ਸੜਕ ਵਿਚ ਖੜੇ ਪਾਣੀ ਅਤੇ ਡੂੰਘੇ ਟੋਇਆਂ ਕਾਰਨ ਲੰਘਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਬਹਾਦਰ ਕੇ ਅਤੇ ਰੋਜ਼ਾਨਾ ਫ਼ੈਕਟਰੀਆਂ ਵਿਚ ਕੰਮ ’ਤੇ ਜਾਣ ਵਾਲੇ ਲੋਕਾਂ ਵਲੋਂ ਦੁਖੀ ਹੋ ਕੇ ਸੜਕ ’ਚ ਖੜ੍ਹੇ ਪਾਣੀ ਵਿਚ ਝੋਨਾ ਲਗਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਅਧਿਕਾਰਤ ਸਰਪੰਚ ਸੁਖਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਦੇ ਪਤੀ ਕਸ਼ਮੀਰ ਚੰਦ ਨੇ ਦੱਸਿਆ ਕਿ ਇਸ ਸੜਕ ਵੱਲ ਨਾ ਤਾਂ ਨਗਰ ਨਿਗਮ ਲੁਧਿਆਣਾ ਦਾ ਕੋਈ ਧਿਆਨ ਹੈ ਅਤੇ ਨਾ ਹੀ ਨਾਲ ਲੱਗਦੇ ਤਿੰਨ ਵਿਧਾਇਕ, ਜਿਨ੍ਹਾਂ ਵਿਚ ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਮਦਨ ਲਾਲ ਬੱਗਾ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਦਾ ਕੋਈ ਧਿਆਨ ਹੈ, ਜਦਕਿ ਇਹ ਸੜਕ ਤਿੰਨਾਂ ਵਿਧਾਇਕਾਂ ਦੇ ਹਲਕੇ ਵਿਚ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਸੜਕ ਦੀ ਮਾੜੀ ਹਾਲਤ ਕਾਰਨ ਹਰ ਰੋਜ਼ਾਨਾ ਸਕੂਲਾਂ ਨੂੰ ਆਉਣ ਜਾਣ ਵਾਲੇ ਬੱਚੇ, ਸਰਕਾਰੀ ਦਫ਼ਤਰਾਂ ਅਤੇ ਫ਼ੈਕਟਰੀਆਂ ਵਿਚ ਕੰਮ ਕਰਨ ਵਾਲਿਆਂ ਤੋਂ ਇਲਾਵਾ ਸਬਜ਼ੀ ਮੰਡੀ ਅਤੇ ਫਰੂਟ ਮੰਡੀ ਨੂੰ ਜਾਣ ਵਾਲੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਜਦਕਿ ਕਈ ਦੋਪਹੀਆ ਵਾਹਨ ਚਾਲਕ ਸੜਕ ’ਚ ਪਏ ਡੂੰਘੇ ਟੋਇਆਂ ਵਿਚ ਡਿਗ ਕੇ ਜ਼ਖ਼ਮੀ ਹੋ ਚੁੱਕੇ ਹਨ ਅਤੇ ਇੱਥੋਂ ਪੈਦਲ ਲੰਘਣਾ ਵੀ ਕਿਸੇ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਮੌਕੇ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ, ਸੰਬੰਧਿਤ ਵਿਭਾਗਾਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਖ਼ਦਸ਼ਾ ਹਾਲਤ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ ਅਤੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਉਕਤ ਆਗੂਆਂ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿ ਜੇਕਰ ਇਸ ਸੜਕ ਨੂੰ ਜਲਦੀ ਨਾ ਬਣਾਇਆ ਗਿਆ ਤਾਂ ਲੋਕ ਘਰਾਂ ਵਿਚੋਂ ਬਾਹਰ ਨਿਕਲ ਕੇ ਸੜਕ ’ਤੇ ਉਤਰਨ ਉਪਰੰਤ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪਿੰਡ ਵਾਸੀ, ਫ਼ੈਕਟਰੀਆਂ ਦੇ ਵਰਕਰ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।

ਪਿਛਲੀ ਖ਼ਬਰ ਸੜਕਾਂ ਧਸਣ ਨੂੰ ਲੈ ਕੇ ਦੀਵਾਨ ਨੇ ਨਗਰ ਨਿਗਮ ਨੂੰ ਘੇਰਦਿਆਂ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ ਅਗਲੀ ਖ਼ਬਰ ਰਾਹੋਂ ਪਹੁੰਚਣ ’ਤੇ ਕਾਂਗਰਸ ਪਾਰਟੀ ਦੇ ਘੱਟ ਗਿਣਤੀ ਵਿਭਾਗ ਦੇ ਸੂਬਾ ਚੇਅਰਮੈਨ ਦਾ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।